ਚੰਡੀਗੜ੍ਹ :- ਪੰਜਾਬ ਵਿੱਚ ਪਿਛਲੇ ਕੁਝ ਦਿਨਾਂ ਨਾਲੋਂ ਤਾਪਮਾਨ ‘ਚ ਹਲਕੀ ਜਿਹੀ ਗਿਰਾਵਟ ਦਰਜ ਕੀਤੀ ਗਈ ਹੈ, ਪਰ ਫਿਰ ਵੀ ਇਹ ਆਮ ਮੌਸਮੀ ਪੱਧਰ ਨਾਲੋਂ ਵੱਧ ਹੈ। ਮੌਸਮ ਵਿਗਿਆਨ ਕੇਂਦਰ ਮੁਤਾਬਕ ਸੂਬੇ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 1.8 ਡਿਗਰੀ ਵੱਧ ਹੈ, ਜਦਕਿ ਘੱਟੋ-ਘੱਟ ਤਾਪਮਾਨ 5.5 ਡਿਗਰੀ ਉੱਪਰ ਹੈ। ਇਹ ਹਾਲਾਤ ਮਾਨਸੂਨ ਦੇ ਮੁਕ ਜਾਣ ਤੇ ਖੁਸ਼ਕ ਮੌਸਮ ਕਾਰਨ ਬਣੇ ਹਨ।
ਸਿਰਫ਼ 0.1 ਡਿਗਰੀ ਦੀ ਰਾਹਤ
ਮੌਸਮ ਕੇਂਦਰ ਨੇ ਦੱਸਿਆ ਕਿ ਸੂਬੇ ਦੇ ਵੱਧ ਤੋਂ ਵੱਧ ਤਾਪਮਾਨ ਵਿੱਚ ਕੇਵਲ 0.1 ਡਿਗਰੀ ਦੀ ਕਮੀ ਦਰਜ ਹੋਈ ਹੈ। ਅਬੋਹਰ ਵਿੱਚ ਸਭ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਰਿਹਾ। ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਕਿਤੇ ਵੀ ਮੀਂਹ ਨਹੀਂ ਪਿਆ ਅਤੇ ਨਾ ਹੀ ਅਗਲੇ ਦਿਨਾਂ ਵਿੱਚ ਬਾਰਿਸ਼ ਦੀ ਸੰਭਾਵਨਾ ਹੈ। ਇਸ ਦੌਰਾਨ ਘੱਟੋ-ਘੱਟ ਤਾਪਮਾਨ ਵਿੱਚ 0.7 ਡਿਗਰੀ ਦੀ ਕਮੀ ਹੋਈ ਹੈ, ਪਰ ਇਹ ਵੀ ਆਮ ਨਾਲੋਂ ਕਾਫ਼ੀ ਵੱਧ ਹੈ।
ਅਗਲੇ ਹਫ਼ਤੇ ਹੋਵੇਗੀ ਹੋਰ ਕਮੀ
ਮਾਹਿਰਾਂ ਨੇ ਕਿਹਾ ਹੈ ਕਿ ਮਾਨਸੂਨ ਦੌਰਾਨ ਆਮ ਨਾਲੋਂ ਵੱਧ ਬਾਰਿਸ਼ ਹੋਣ ਕਾਰਨ ਮੌਸਮੀ ਪੈਟਰਨ ਵਿੱਚ ਇਹ ਤਬਦੀਲੀ ਆਈ ਹੈ, ਪਰ ਹਾਲਾਤ ਜਲਦੀ ਆਮ ਹੋਣ ਦੀ ਉਮੀਦ ਹੈ। ਮੌਸਮ ਵਿਭਾਗ ਦੇ ਅਨੁਸਾਰ ਅਗਲੇ ਹਫ਼ਤੇ ਤਾਪਮਾਨ ਵਿੱਚ ਹੋਰ 2 ਡਿਗਰੀ ਤੱਕ ਦੀ ਗਿਰਾਵਟ ਹੋ ਸਕਦੀ ਹੈ। ਹਾਲਾਂਕਿ, ਇਸ ਸਮੇਂ ਦੌਰਾਨ ਰਾਜ ਵਿੱਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਮੌਸਮ ਖੁਸ਼ਕ ਰਹੇਗਾ ਤੇ ਅਸਮਾਨ ਸਾਫ਼ ਰਹੇਗਾ। ਇਸ ਦੌਰਾਨ ਔਸਤ ਤਾਪਮਾਨ 22 ਤੋਂ 35 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ।
ਦਿੱਲੀ-ਐਨਸੀਆਰ ਵਿੱਚ ਗਰਮੀ ਤੇ ਨਮੀ ਦਾ ਕਹਿਰ
ਮਾਨਸੂਨ ਦੇ ਮੁਕਣ ਤੋਂ ਬਾਅਦ ਦਿੱਲੀ-ਐਨਸੀਆਰ ਵਿੱਚ ਵੀ ਤਾਪਮਾਨ ਵਧ ਗਿਆ ਹੈ ਅਤੇ ਲੋਕ ਮਈ-ਜੂਨ ਵਰਗੀ ਗਰਮੀ ਮਹਿਸੂਸ ਕਰ ਰਹੇ ਹਨ। ਨਮੀ ਕਾਰਨ ਪਸੀਨਾ ਵਧ ਰਿਹਾ ਹੈ ਤੇ ਲੋਕ ਪ੍ਰੇਸ਼ਾਨ ਹਨ। ਹਾਲਾਂਕਿ ਮੌਸਮ ਵਿਭਾਗ ਨੇ ਰਾਜਧਾਨੀ ਵਿੱਚ ਅਗਲੇ ਦੋ ਦਿਨਾਂ ਦੌਰਾਨ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਹੈ, ਜਿਸ ਨਾਲ ਕੁਝ ਰਾਹਤ ਮਿਲ ਸਕਦੀ ਹੈ।