ਬਰਨਾਲਾ :- ਜ਼ਿਲ੍ਹਾ ਬਰਨਾਲਾ ਦੇ ਮਹਿਲ ਕਲਾ ਹਲਕੇ ਦੇ ਪਿੰਡ ਬਾਜੀਦਕੇ ਕਲਾ ਨਾਲ ਸਬੰਧਤ ਟੈਕਸੀ ਡਰਾਈਵਰ ਦੀ ਧੀ ਸੰਦੀਪ ਕੌਰ ਨੇ ਆਪਣੀ ਕਾਬਲੀਅਤ ਨਾਲ ਸਾਰਾ ਇਲਾਕਾ ਮਾਣਵਾਨ ਕੀਤਾ ਹੈ। ਕਾਇਆਕਿੰਗ ਖੇਡਾਂ ਦੀ ਇਹ ਖਿਡਾਰਨ ਅੰਤਰਰਾਸ਼ਟਰੀ ਪੱਧਰ ‘ਤੇ ਪ੍ਰਦਰਸ਼ਨ ਕਰ ਚੁੱਕੀ ਹੈ ਅਤੇ ਫਿਲੀਪੀਨਜ਼ ਵਿੱਚ ਹੋਈ ਵਰਲਡ ਚੈਂਪੀਅਨਸ਼ਿਪ ਵਿੱਚ ਵੀ ਭਾਗ ਲੈ ਚੁੱਕੀ ਹੈ। ਰਾਸ਼ਟਰੀ ਸੋਨ ਤਗਮਾ ਜਿੱਤ ਚੁੱਕੀ ਸੰਦੀਪ ਕੌਰ ਨੂੰ ਹੁਣ ਪੰਜਾਬ ਸਰਕਾਰ ਵੱਲੋਂ ਉਸਦੀ ਯੋਗਤਾ ਦੇ ਆਧਾਰ ’ਤੇ ਲੇਬਰ ਇੰਸਪੈਕਟਰ ਦੀ ਸਰਕਾਰੀ ਨੌਕਰੀ ਦਿੱਤੀ ਗਈ ਹੈ।
ਪਿੰਡ ਵਿੱਚ ਹੋਇਆ ਸ਼ਾਨਦਾਰ ਸਵਾਗਤ
ਸੰਦੀਪ ਕੌਰ ਦੀ ਨਿਯੁਕਤੀ ‘ਤੇ ਪਿੰਡ ਬਾਜੀਦਕੇ ਕਲਾ ਵਿੱਚ ਸਵਾਗਤ ਸਮਾਰੋਹ ਆਯੋਜਿਤ ਕੀਤਾ ਗਿਆ। ਪੂਰੇ ਪਿੰਡ ਨੇ ਆਪਣੀ ਬੇਟੀ ਦਾ ਜੋਸ਼ ਭਰਿਆ ਸਵਾਗਤ ਕੀਤਾ। ਇਸ ਮੌਕੇ ’ਤੇ ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਵਿਸ਼ੇਸ਼ ਤੌਰ ’ਤੇ ਪਹੁੰਚੇ ਅਤੇ ਖਿਡਾਰਨ ਨੂੰ ਸਨਮਾਨਿਤ ਕੀਤਾ।
MLA ਕੁਲਵੰਤ ਸਿੰਘ ਪੰਡੋਰੀ ਦਾ ਬਿਆਨ
ਇਸ ਮੌਕੇ MLA ਪੰਡੋਰੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਹਮੇਸ਼ਾਂ ਨੌਜਵਾਨਾਂ ਨੂੰ ਯੋਗਤਾ ਦੇ ਆਧਾਰ ’ਤੇ ਨੌਕਰੀਆਂ ਪ੍ਰਦਾਨ ਕਰ ਰਹੀ ਹੈ। ਹੁਣ ਤੱਕ ਪੰਜਾਬ ਵਿੱਚ 60 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਹਰ ਨਿਯੁਕਤੀ ਮੇਰਿਟ ਦੇ ਆਧਾਰ ‘ਤੇ ਹੋਈ ਹੈ। ਸੰਦੀਪ ਕੌਰ ਨੂੰ ਵੀ ਉਸਦੀ ਖੇਡਾਂ ਵਿੱਚ ਕੀਤੀਆਂ ਕਾਮਯਾਬੀਆਂ ਦੇ ਆਧਾਰ ’ਤੇ ਨੌਕਰੀ ਦਿੱਤੀ ਗਈ ਹੈ।
ਸੰਦੀਪ ਕੌਰ ਨੇ ਜਤਾਇਆ ਧੰਨਵਾਦ
ਨਵ-ਨਿਯੁਕਤ ਲੇਬਰ ਇੰਸਪੈਕਟਰ ਸੰਦੀਪ ਕੌਰ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਉਹ 2019 ਤੋਂ ਲਗਾਤਾਰ ਜਲ ਖੇਡਾਂ ਵਿੱਚ ਹਿੱਸਾ ਲੈਂਦੀ ਆ ਰਹੀ ਹੈ। ਰਾਜ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਅਨੇਕਾਂ ਤਗਮੇ ਜਿੱਤ ਚੁੱਕੀ ਹੈ। ਉਸਨੇ ਕਿਹਾ ਕਿ ਕਦੇ ਸੋਚਿਆ ਵੀ ਨਹੀਂ ਸੀ ਕਿ ਟੈਕਸੀ ਡਰਾਈਵਰ ਦੀ ਧੀ ਨੂੰ ਇੰਨਾ ਵੱਡਾ ਅਹੁਦਾ ਮਿਲੇਗਾ। ਇਹ ਸਭ ਕੁਝ ਪੰਜਾਬ ਸਰਕਾਰ ਦੀਆਂ ਪਾਰਦਰਸ਼ੀ ਨੀਤੀਆਂ ਕਾਰਨ ਸੰਭਵ ਹੋਇਆ ਹੈ। ਉਸਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੂਰੀ ਸਰਕਾਰ ਦਾ ਵਿਸ਼ੇਸ਼ ਧੰਨਵਾਦ ਕੀਤਾ।
ਪਰਿਵਾਰ ਅਤੇ ਪਿੰਡ ਵਾਸੀਆਂ ਦੀ ਖੁਸ਼ੀ
ਸੰਦੀਪ ਕੌਰ ਦੇ ਮਾਪਿਆਂ, ਪੰਚਾਂ ਅਤੇ ਸਰਪੰਚਾਂ ਨੇ ਵੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹਨਾਂ ਨੇ ਕਦੇ ਉਮੀਦ ਨਹੀਂ ਕੀਤੀ ਸੀ ਕਿ ਇੱਕ ਗਰੀਬ ਪਰਿਵਾਰ ਦੀ ਧੀ ਇੰਨਾ ਵੱਡਾ ਅਹੁਦਾ ਹਾਸਲ ਕਰੇਗੀ। ਪਰ ਸਰਕਾਰ ਵੱਲੋਂ ਯੋਗਤਾ ਦੇ ਆਧਾਰ ’ਤੇ ਦਿੱਤੀਆਂ ਨੌਕਰੀਆਂ ਕਾਰਨ ਅੱਜ ਇਹ ਸੰਭਵ ਹੋ ਸਕਿਆ ਹੈ।