ਪਟਿਆਲਾ :- ਪੰਜਾਬ ਸਰਕਾਰ ਨੇ ਵੀਰਵਾਰ ਨੂੰ ਵੱਡਾ ਤਬਾਦਲਾ ਹੁਕਮ ਜਾਰੀ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੇ ਐਸਐਸਪੀ ਦੀਪਕ ਪਾਰਿਕ ਨੂੰ ਮੋਹਾਲੀ ਭੇਜ ਦਿੱਤਾ ਹੈ, ਜਿੱਥੇ ਉਹ ਐਸਐਸਓਸੀ ਦੇ ਏਆਈਜੀ ਵਜੋਂ ਸੇਵਾ ਨਿਭਾਉਣਗੇ। ਉਨ੍ਹਾਂ ਦੀ ਥਾਂ 2015 ਬੈਚ ਦੀ ਆਈਪੀਐਸ ਅਧਿਕਾਰੀ ਰਵਜੋਤ ਕੌਰ ਗਰੇਵਾਲ ਨੂੰ ਤਰਨਤਾਰਨ ਦਾ ਐਸਐਸਪੀ ਨਿਯੁਕਤ ਕੀਤਾ ਗਿਆ ਹੈ। ਉਹ ਜ਼ਿਲ੍ਹੇ ਦੀ ਪਹਿਲੀ ਮਹਿਲਾ ਐਸਐਸਪੀ ਬਣ ਗਈ ਹੈ।
ਪੇਸ਼ੇ ਤੋਂ ਡੈਂਟਲ ਸਰਜਨ, ਹੁਣ ਕਾਬਲ ਆਈਪੀਐਸ
ਪਟਿਆਲਾ ਨਾਲ ਸਬੰਧਤ ਰਵਜੋਤ ਕੌਰ ਗਰੇਵਾਲ ਪੇਸ਼ੇ ਤੋਂ ਡੈਂਟਲ ਸਰਜਨ ਰਹੀ ਹਨ। ਯੂਪੀਐਸਸੀ ਪ੍ਰੀਖਿਆ ਵਿੱਚ ਉਨ੍ਹਾਂ ਨੇ 47ਵਾਂ ਰੈਂਕ ਪ੍ਰਾਪਤ ਕਰਕੇ ਆਈਪੀਐਸ ਚੁਣਿਆ। ਉਨ੍ਹਾਂ ਦੇ ਪਤੀ ਨਵਨੀਤ ਸਿੰਘ ਬੈਂਸ ਵੀ ਪੰਜਾਬ ਕੇਡਰ ਵਿੱਚ ਆਈਪੀਐਸ ਅਧਿਕਾਰੀ ਹਨ। ਇਸ ਤਰ੍ਹਾਂ ਪਤੀ-ਪਤਨੀ ਦੋਵੇਂ ਇੱਕੋ ਕੇਡਰ ਵਿੱਚ ਖ਼ਾਕੀ ਦੀ ਸੇਵਾ ਕਰ ਰਹੇ ਹਨ।
ਮਹੱਤਵਪੂਰਨ ਕਾਰਵਾਈਆਂ ਵਿੱਚ ਨਿਭਾਈ ਅਹਿਮ ਭੂਮਿਕਾ
ਐਸਐਸਪੀ ਗਰੇਵਾਲ ਨੇ ਪਹਿਲਾਂ ਵਿਜੀਲੈਂਸ ਬਿਊਰੋ ਵਿੱਚ ਸੰਯੁਕਤ ਡਾਇਰੈਕਟਰ ਇਨਵੈਸਟੀਗੇਸ਼ਨ ਵਜੋਂ ਸੇਵਾ ਨਿਭਾਈ। ਇਸ ਦੌਰਾਨ ਉਨ੍ਹਾਂ ਨੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਕਾਰਵਾਈ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ 36 ਬੰਬਾਂ ਸੰਬੰਧੀ ਬਿਆਨ ‘ਤੇ ਹੋਈ ਪੁੱਛਗਿੱਛ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ। ਉਹ ਆਪਣੇ ਕੰਮ ਕਰਕੇ ਪੰਜਾਬ ਸਰਕਾਰ ਦੇ ਨੇੜੇ ਅਧਿਕਾਰੀਆਂ ਵਿੱਚ ਮੰਨੀ ਜਾਂਦੀ ਹੈ।
ਨਿੱਜੀ ਜੀਵਨ ਦੀ ਅਜ਼ਮਾਇਸ਼
ਪਿਛਲੇ ਸਾਲ ਅਪ੍ਰੈਲ 2024 ਵਿੱਚ ਉਨ੍ਹਾਂ ਦੀ ਚਾਰ ਸਾਲ ਦੀ ਧੀ ਦੇ ਦਿਹਾਂਤ ਨਾਲ ਪਰਿਵਾਰ ‘ਤੇ ਵੱਡਾ ਸਦਮਾ ਆਇਆ ਸੀ। ਇਸ ਦੇ ਬਾਵਜੂਦ ਉਹ ਆਪਣੀ ਜ਼ਿੰਮੇਵਾਰੀ ਨੂੰ ਪੂਰੇ ਸਮਰਪਣ ਨਾਲ ਨਿਭਾ ਰਹੀ ਹੈ। ਗਰੇਵਾਲ ਨੂੰ ਇੱਕ ਸਮਾਜ ਸੇਵਕ ਵਜੋਂ ਵੀ ਜਾਣਿਆ ਜਾਂਦਾ ਹੈ।
ਕਾਨੂੰਨ-ਵਿਵਸਥਾ ਤੇ ਨਸ਼ੇ ਖ਼ਿਲਾਫ਼ ਸਖ਼ਤ ਰਵੱਈਆ
ਜ਼ਿਲ੍ਹੇ ਦੀ ਚਾਰਜ ਸੰਭਾਲਦਿਆਂ ਐਸਐਸਪੀ ਰਵਜੋਤ ਕੌਰ ਗਰੇਵਾਲ ਨੇ ਕਿਹਾ ਕਿ ਗੁਰੂ ਨਗਰੀ ਤਰਨਤਾਰਨ ਦੀ ਸੇਵਾ ਉਨ੍ਹਾਂ ਲਈ ਸਨਮਾਨ ਦੀ ਗੱਲ ਹੈ। ਜ਼ਿਲ੍ਹੇ ਵਿੱਚ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਸਫਲ ਬਣਾਉਣ ਲਈ ਕੋਈ ਕਮੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੇ ਦਫ਼ਤਰ ਦੇ ਦਰਵਾਜ਼ੇ ਆਮ ਲੋਕਾਂ ਲਈ ਖੁੱਲ੍ਹੇ ਰਹਿਣਗੇ, ਜਦਕਿ ਖ਼ਾਕੀ ਦਾ ਡਰ ਸਿਰਫ਼ ਅਪਰਾਧੀਆਂ ਲਈ ਹੋਵੇਗਾ।