ਤਰਨਤਾਰਨ :- ਤਰਨਤਾਰਨ ਵਿਧਾਨ ਸਭਾ ਹਲਕੇ ਵਿੱਚ ਜ਼ਿਮਨੀ ਚੋਣ ਲਈ ਮੰਗਲਵਾਰ ਸਵੇਰੇ ਤੋਂ ਹੀ ਵੋਟਿੰਗ ਸ਼ਾਂਤੀਪੂਰਨ ਢੰਗ ਨਾਲ ਜਾਰੀ ਹੈ। ਚੋਣ ਕਮਿਸ਼ਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਵੇਰੇ 7 ਵਜੇ ਸ਼ੁਰੂ ਹੋਈ ਵੋਟਿੰਗ ਸ਼ਾਮ 6 ਵਜੇ ਤੱਕ ਚੱਲੇਗੀ। ਸਵੇਰੇ ਹੀ ਕਈ ਬੂਥਾਂ ’ਤੇ ਵੋਟਰਾਂ ਦੀਆਂ ਲਾਈਨਾਂ ਲੱਗਣ ਲੱਗ ਪਈਆਂ।
ਸੌ ਸਾਲਾ ਸੱਜਣ ਸਿੰਘ ਨੇ ਪਾਈ ਵੋਟ
ਇਸ ਚੋਣ ਦੌਰਾਨ ਪਿੰਡ ਨੂਰਦੀ ’ਚ ਇੱਕ ਵਿਲੱਖਣ ਨਜ਼ਾਰਾ ਦੇਖਣ ਨੂੰ ਮਿਲਿਆ ਜਦੋਂ ਕਰੀਬ 100 ਸਾਲਾ ਬਜ਼ੁਰਗ ਸੱਜਣ ਸਿੰਘ ਨੇ ਆਪਣੀ ਵੋਟ ਪਾ ਕੇ ਲੋਕਤੰਤਰ ਪ੍ਰਤੀ ਆਪਣੀ ਵਫ਼ਾਦਾਰੀ ਦਰਸਾਈ। ਸੱਜਣ ਸਿੰਘ ਦੱਸਦੇ ਹਨ ਕਿ ਉਹ ਆਜ਼ਾਦੀ ਤੋਂ ਪਹਿਲਾਂ ਦੇ ਦੌਰ ਵਿੱਚ ਵੀ ਸਾਂਝੇ ਪੰਜਾਬ ਦੀਆਂ ਅਸੈਂਬਲੀ ਚੋਣਾਂ ’ਚ ਮਤਦਾਨ ਕਰ ਚੁੱਕੇ ਹਨ।
ਪਿੰਡ ਵਾਸੀਆਂ ਲਈ ਪ੍ਰੇਰਣਾ ਬਣੇ ਬਜ਼ੁਰਗ
ਸੱਜਣ ਸਿੰਘ ਦੇ ਚੋਣ ਪ੍ਰਤੀ ਜੋਸ਼ ਨੇ ਪਿੰਡ ਨੂਰਦੀ ਦੇ ਵਾਸੀਆਂ ਨੂੰ ਪ੍ਰਭਾਵਿਤ ਕੀਤਾ। ਪਿੰਡ ਦੇ ਕਈ ਨੌਜਵਾਨਾਂ ਨੇ ਕਿਹਾ ਕਿ ਇੰਨੀ ਉਮਰ ’ਚ ਵੀ ਚੋਣੀ ਫਰਜ਼ ਨਿਭਾਉਣਾ ਸਭ ਲਈ ਪ੍ਰੇਰਣਾ ਹੈ। ਉਨ੍ਹਾਂ ਦੇ ਜਜ਼ਬੇ ਨੇ ਵੋਟਰਾਂ ਨੂੰ ਆਪਣਾ ਫਰਜ਼ ਨਿਭਾਉਣ ਲਈ ਉਤਸ਼ਾਹਿਤ ਕੀਤਾ।
ਸੁਰੱਖਿਆ ਪ੍ਰਬੰਧਾਂ ਹੇਠ ਸ਼ਾਂਤੀਪੂਰਨ ਵੋਟਿੰਗ
ਪੂਰੇ ਹਲਕੇ ’ਚ ਸੁਰੱਖਿਆ ਬਲਾਂ ਦੀ ਵੱਡੀ ਤੈਨਾਤੀ ਕੀਤੀ ਗਈ ਹੈ। ਪ੍ਰਸ਼ਾਸਨ ਵੱਲੋਂ ਚੋਣ ਪ੍ਰਕਿਰਿਆ ’ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਹੁਣ ਤੱਕ ਕਿਸੇ ਤਰ੍ਹਾਂ ਦੀ ਅਣਚਾਹੀ ਘਟਨਾ ਦੀ ਸੂਚਨਾ ਨਹੀਂ ਮਿਲੀ। ਚੋਣ ਪ੍ਰਕਿਰਿਆ ਬਿਨਾ ਕਿਸੇ ਰੁਕਾਵਟ ਦੇ ਨੇਪਰੇ ਚੜ੍ਹ ਰਹੀ ਹੈ।

