ਬਰਨਾਲਾ :- ਬਰਨਾਲਾ ਜ਼ਿਲ੍ਹੇ ਦੇ ਤਪਾ ਮੰਡੀ ‘ਚ ਡੇਢ ਮਹੀਨਾ ਪਹਿਲਾਂ ਵਾਪਰੇ ਬੇਰਹਿਮ ਕਤਲ ਮਾਮਲੇ ਦਾ ਖੁਲਾਸਾ ਹੋਇਆ ਹੈ। ਬਿਹਾਰ ਦੇ ਜ਼ਿਲ੍ਹਾ ਪੂਰਨੀਆ ਦੇ ਪਿੰਡ ਸਿਲਾਨਾਥ ਰਿਪੋਲੀ ਦਾ ਰਹਿਣ ਵਾਲਾ 27 ਸਾਲਾ ਅਕਸ਼ੈ ਕੁਮਾਰ ਉਰਫ਼ ਸ਼ੰਕਰ ਆਪਣੇ ਸਾਥੀ ਮਜ਼ਦੂਰਾਂ ਨਾਲ ਝੋਨੇ ਦੇ ਸੀਜ਼ਨ ਲਈ ਪੰਜਾਬ ਆਇਆ ਸੀ। ਪਰ ਸਿਰਫ਼ 5000 ਰੁਪਏ ਲਈ ਉਸਦੇ ਸਾਥੀਆਂ ਨੇ ਉਸਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਲਾਸ਼ ਢਿਲਵਾਂ ਡਰੇਨ ਕੋਲ ਮਿੱਟੀ ਵਿੱਚ ਦੱਬ ਦਿੱਤੀ। ਮ੍ਰਿਤਕ ਤਿੰਨ ਮਾਸੂਮ ਧੀਆਂ ਦਾ ਪਿਤਾ ਸੀ।
ਪਿੰਡ ਨਾ ਪੁੱਜਣ ‘ਤੇ ਪਰਿਵਾਰ ਨੂੰ ਪਿਆ ਸ਼ੱਕ
ਝੋਨਾ ਲਾਉਣ ਦਾ ਸੀਜ਼ਨ ਮੁੱਕਣ ਤੋਂ ਬਾਅਦ ਸਾਰੇ ਸਾਥੀ ਵਾਪਸ ਆਪਣੇ ਪਿੰਡ ਚਲੇ ਗਏ ਪਰ ਅਕਸ਼ੈ ਕੁਮਾਰ ਘਰ ਨਾ ਪਹੁੰਚਿਆ। ਜਦੋਂ ਪਰਿਵਾਰ ਨੇ ਸਾਥੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਉਹ ਬਿਨਾਂ ਦੱਸੇ ਪੰਜਾਬ ਛੱਡ ਗਿਆ ਸੀ। ਪਰਿਵਾਰ ਨੂੰ ਸ਼ੱਕ ਹੋਇਆ ਅਤੇ ਮ੍ਰਿਤਕ ਦੀ ਪਤਨੀ ਸੰਗੀਤਾ ਦੇਵੀ ਦੇ ਬਿਆਨਾਂ ਦੇ ਆਧਾਰ ‘ਤੇ ਤਪਾ ਪੁਲਿਸ ਕੋਲ ਜ਼ੀਰੋ ਐਫਆਈਆਰ ਦਰਜ ਹੋਈ। ਇਸ ਤੋਂ ਬਾਅਦ ਤਪਾ ਮੰਡੀ ਪੁਲਿਸ ਸਟੇਸ਼ਨ ਵਿੱਚ ਧਾਰਾ 103(1), 61(2), 238 ਬੀਐਨਐਸ ਅਧੀਨ 11 ਲੋਕਾਂ ਵਿਰੁੱਧ ਕਤਲ ਦਾ ਮਾਮਲਾ ਦਰਜ ਕੀਤਾ ਗਿਆ।
ਗ੍ਰਿਫ਼ਤਾਰੀਆਂ ਅਤੇ ਲਾਸ਼ ਬਰਾਮਦ
1 ਸਤੰਬਰ ਨੂੰ ਪੁਲਿਸ ਨੇ ਦੋ ਆਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਬਾਰਸ਼ ਕਾਰਨ ਅਤੇ ਪਛਾਣ ਦੀ ਮੁਸ਼ਕਲ ਕਰਕੇ ਲਾਸ਼ ਬਾਹਰ ਨਾ ਕੱਢੀ ਜਾ ਸਕੀ। ਬਾਅਦ ਵਿੱਚ ਤੀਜਾ ਆਰੋਪੀ ਵੀ ਗ੍ਰਿਫ਼ਤਾਰ ਹੋਇਆ ਅਤੇ ਉਸਦੀ ਪਛਾਣ ਦੇ ਆਧਾਰ ‘ਤੇ ਢਿਲਵਾਂ ਡਰੇਨ ਕੋਲੋਂ ਮ੍ਰਿਤਕ ਦੀ ਲਾਸ਼ ਤਪਾ ਪੁਲਿਸ, ਸਿਵਲ ਪ੍ਰਸ਼ਾਸਨ, ਸਿਹਤ ਵਿਭਾਗ, ਪ੍ਰੋਸੈਸਿੰਗ ਟੀਮ ਅਤੇ ਪੰਚਾਇਤ ਦੀ ਮੌਜੂਦਗੀ ਵਿੱਚ ਬਾਹਰ ਕੱਢੀ ਗਈ। ਡੇਢ ਮਹੀਨੇ ਤੋਂ ਮਿੱਟੀ ਵਿੱਚ ਦੱਬੀ ਲਾਸ਼ ਇੰਨੀ ਸੜ ਚੁੱਕੀ ਸੀ ਕਿ ਹੱਡੀਆਂ ਬਾਹਰ ਨਜ਼ਰ ਆਉਣ ਲੱਗੀਆਂ ਸਨ।
ਪਰਿਵਾਰ ‘ਤੇ ਕਹਿਰ, ਮੌਤ ਦੀ ਸਜ਼ਾ ਦੀ ਮੰਗ
ਇਸ ਕਤਲ ਮਾਮਲੇ ਨੇ ਪਰਿਵਾਰ ਨੂੰ ਡੂੰਘੇ ਸਦਮੇ ਵਿੱਚ ਪਾ ਦਿੱਤਾ ਹੈ। ਮ੍ਰਿਤਕ ਦੇ ਤਿੰਨ ਬੱਚਿਆਂ ਅਤੇ ਪਤਨੀ ਦੇ ਨਾਲ ਬਜ਼ੁਰਗ ਮਾਪਿਆਂ ਦਾ ਸਹਾਰਾ ਟੁੱਟ ਗਿਆ ਹੈ। ਰਿਸ਼ਤੇਦਾਰਾਂ ਨੇ ਰੋਂਦੇ ਹੋਏ ਕਤਲ ਕਰਨ ਵਾਲੇ ਸਾਰੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਨਾਲ ਹੀ ਸਰਕਾਰ ਤੋਂ ਪਰਿਵਾਰ ਦੇ ਗੁਜ਼ਾਰੇ ਲਈ ਵਿੱਤੀ ਸਹਾਇਤਾ ਦੀ ਮੰਗ ਕੀਤੀ ਹੈ ਤਾਂ ਜੋ ਮ੍ਰਿਤਕ ਦੇ ਬਾਅਦ ਵੀ ਪਰਿਵਾਰ ਜੀਵਨ ਯਾਪਨ ਕਰ ਸਕੇ।