ਚੰਡੀਗੜ੍ਹ :- ਮੰਡੀ ਗੋਬਿੰਦਗੜ੍ਹ ਦੇ ਇਕ ਵਪਾਰੀ ਤੋਂ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤੇ ਗਏ ਮੁਅੱਤਲ ਡੀਆਈਜੀ ਹਰਚਰਨ ਸਿੰਘ ਭੁੱਲਰ ਦੀ ਮੁਸੀਬਤਾਂ ਘੱਟਣ ਦਾ ਨਾਂ ਨਹੀਂ ਲੈ ਰਹੀਆਂ। ਸੀਆਬੀਆਈ ਵੱਲੋਂ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਇਹ ਮਾਮਲਾ ਇਨਫੋਰਸਮੈਂਟ ਡਾਇਰੈਕਟੋਰੇਟ ਤੱਕ ਪਹੁੰਚ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਈਡੀ ਭੁੱਲਰ ਵਿਰੁੱਧ ਕਿਸੇ ਵੀ ਵੇਲੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਖੋਲ੍ਹ ਸਕਦੀ ਹੈ।
ਬੜੈਲ ਜੇਲ੍ਹ ਵਿੱਚ ਬੰਦ, ਪਰ ਜਾਂਚ ਦਾ ਘੇਰਾ ਤੰਗ
ਭੁੱਲਰ ਇਸ ਵੇਲੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿੱਚ ਨਿਆਂਕ ਹਿਰਾਸਤ ਵਿੱਚ ਹੈ। ਸੀਆਬੀਆਈ ਤਲਾਸ਼ੀ ਦੌਰਾਨ ਉਸ ਦੀ ਹਵੇਲੀ ਅਤੇ ਫਾਰਮਹਾਊਸ ਤੋਂ 7.5 ਕਰੋੜ ਰੁਪਏ ਨਕਦੀ, ਲਗਭਗ ਅੱਢਾਈ ਕਿਲੋ ਸੋਨਾ, ਦਰਜਨਾਂ ਮਹਿੰਗੀਆਂ ਘੜੀਆਂ, ਵਿਦੇਸ਼ੀ ਸ਼ਰਾਬ ਅਤੇ ਤਕਰੀਬਨ 50 ਜਾਇਦਾਦੀ ਦਸਤਾਵੇਜ਼ ਬਰਾਮਦ ਕਰ ਚੁੱਕੀ ਹੈ। ਏਜੰਸੀਆਂ ਦਾ ਮੰਨਣਾ ਹੈ ਕਿ ਇਹਨਾਂ ਵਿੱਚੋਂ ਕਈ ਸੰਪਤੀਆਂ ਬੇਨਾਮੀ ਨਾਂ ’ਤੇ ਖਰੀਦੀਆਂ ਗਈਆਂ ਹਨ।
ਏਲਾਨੀ ਆਮਦਨ ਨਾਲ ਬਰਾਮਦ ਜਾਇਦਾਦ ’ਚ ਵੱਡਾ ਫਰਕ
ਭੁੱਲਰ ਨੇ ਆਪਣੇ ਕਰ ਰਿਟਰਨ ਵਿੱਚ ਦੱਸਿਆ ਹੈ ਕਿ ਉਸਦੀ ਸਾਲਾਨਾ ਆਮਦਨ ਤਕਰੀਬਨ 38.44 ਲੱਖ ਰੁਪਏ ਹੈ। ਇਸ ਵਿੱਚੋਂ ਲਗਭਗ 27 ਲੱਖ ਤਨਖਾਹ ਦੇ ਰੂਪ ਵਿੱਚ ਹਨ, ਜਦਕਿ ਬਾਕੀ ਹੋਰ ਸਰੋਤਾਂ ਵਿੱਚ ਦਰਜ ਕੀਤੇ ਗਏ ਹਨ। ਪਰ ਜਾਂਚ ਏਜੰਸੀਆਂ ਨੇ ਜਿੰਨਾ ਧਨ ਅਤੇ ਜਾਇਦਾਦ ਕਬਜ਼ੇ ਵਿੱਚ ਲਈ ਹੈ, ਉਹ ਐਲਾਨੀ ਆਮਦਨ ਨਾਲ ਮੇਲ ਨਹੀਂ ਖਾਂਦੀ। ਇਸੇ ਬੇਸੂਰਤੇ ਫ਼ਰਕ ਦੀ ਜਾਂਚ ਹੁਣ ਈਡੀ ਵੱਲੋਂ ਕੀਤੀ ਜਾਵੇਗੀ।
ਫਾਰਮਹਾਊਸ ਤੋਂ ਵਿਦੇਸ਼ੀ ਸ਼ਰਾਬ ਮਿਲਣ ’ਤੇ ਵੱਖਰਾ ਮਾਮਲਾ
ਕਾਰਵਾਈ ਦੌਰਾਨ ਫਾਰਮਹਾਊਸ ਤੋਂ ਵੱਡੀ ਮਾਤਰਾ ਵਿੱਚ ਵਿਦੇਸ਼ੀ ਸ਼ਰਾਬ ਵੀ ਮਿਲੀ ਸੀ, ਜਿਸ ਉਪਰੰਤ ਆਬਕਾਰੀ ਐਕਟ ਤਹਿਤ ਇਕ ਹੋਰ ਕੇਸ ਵੀ ਦਰਜ ਕੀਤਾ ਗਿਆ ਹੈ। ਜਾਂਚ ਏਜੰਸੀਆਂ ਹੁਣ ਉਸ ਦੀ ਸੰਪਤੀ, ਨਿਵੇਸ਼ ਅਤੇ ਬੇਨਾਮੀ ਖਰੀਦਾਂ ਦੀ ਲੜੀਵਾਰ ਜਾਂਚ ਕਰ ਰਹੀਆਂ ਹਨ।