ਪਟਿਆਲਾ :- ਪਟਿਆਲਾ ਦੇ ਇੱਕ ਪ੍ਰਾਈਵੇਟ ਸਕੂਲ ‘ਚ ਪੜ੍ਹਦੇ 5 ਸਾਲਾ ਬੱਚੇ ਨਾਲ ਕਥਿਤ ਬਦਸਲੂਕੀ ਦਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ, ਬੱਚਾ ਲੰਬੇ ਸਮੇਂ ਤੋਂ ਪੇਟ ਦਰਦ ਦੀ ਸ਼ਿਕਾਇਤ ਕਰ ਰਿਹਾ ਸੀ ਜਿਸ ਤੋਂ ਬਾਅਦ ਉਸਨੂੰ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਮੈਡੀਕਲ ਜਾਂਚ ਦੌਰਾਨ ਡਾਕਟਰਾਂ ਨੇ ਬੱਚੇ ਨਾਲ ਸ਼ਾਰੀਰੀਕ ਸ਼ੋਸ਼ਣ ਦੀ ਸੰਭਾਵਨਾ ਜਤਾਈ।
ਪਰਿਵਾਰ ਵੱਲੋਂ ਗੰਭੀਰ ਇਲਜ਼ਾਮ, ਪੁਲਸ ਨੇ ਸ਼ੁਰੂ ਕੀਤੀ ਜਾਂਚ
ਪਰਿਵਾਰਕ ਮੈਂਬਰਾਂ ਵੱਲੋਂ ਦਾਅਵਾ ਕੀਤਾ ਗਿਆ ਕਿ ਬੱਚੇ ਨਾਲ ਕਥਿਤ ਤੌਰ ‘ਤੇ ਸਕੂਲ ਦੇ ਗਾਰਡ ਵੱਲੋਂ ਅਣਚਾਹੀ ਹਰਕਤ ਕੀਤੀ ਗਈ। ਉਨ੍ਹਾਂ ਨੇ ਇੱਥੋਂ ਤੱਕ ਦੱਸਿਆ ਕਿ ਹੋਰ ਬੱਚੇ ਵੀ ਇਨ੍ਹਾਂ ਹਾਲਾਤਾਂ ਦਾ ਸ਼ਿਕਾਰ ਹੋ ਸਕਦੇ ਹਨ, ਪਰ ਡਰ ਜਾਂ ਦਬਾਅ ਕਾਰਨ ਗੱਲ ਸਾਹਮਣੇ ਨਹੀਂ ਆਈ।
ਮਾਮਲਾ ਸਾਹਮਣੇ ਆਉਣ ਮਗਰੋਂ ਪੁਲਸ ਵੱਲੋਂ ਤੁਰੰਤ ਸਕੂਲ ‘ਚ ਪਹੁੰਚ ਕੇ ਜਾਂਚ ਦੀ ਸ਼ੁਰੂਆਤ ਕੀਤੀ ਗਈ। ਡੀ.ਐੱਸ.ਪੀ. ਸਿਟੀ-1 ਸਤਨਾਮ ਸਿੰਘ ਨੇ ਮੌਕੇ ਦਾ ਜਾਇਜ਼ਾ ਲੈਣ ਤੋਂ ਬਾਅਦ ਹਸਪਤਾਲ ‘ਚ ਬੱਚੇ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉਨ੍ਹਾਂ ਕਿਹਾ ਕਿ ਬੱਚੇ ਵੱਲੋਂ ਇਲਜ਼ਾਮ ਲਾਇਆ ਗਿਆ ਹੈ ਕਿ ਸਕੂਲ ਦੇ ਗਾਰਡ ਨੇ ਉਸ ਨਾਲ ਜਬਰਜ਼ਨਾਹੀ ਦੀ ਕੋਸ਼ਿਸ਼ ਕੀਤੀ। ਜਾਂਚ ਤਹਿਤ ਹੁਣ ਸੀ.ਸੀ.ਟੀ.ਵੀ. ਕੈਮਰਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸਕੂਲ ਪ੍ਰਿੰਸੀਪਲ ਵੱਲੋਂ ਵੱਡਾ ਬਿਆਨ ਆਇਆ ਹੈ ਕਿ ਉਨ੍ਹਾਂ ਦੇ ਧਿਆਨ ‘ਚ ਇਹ ਮਾਮਲਾ ਪਹਿਲਾਂ ਨਹੀਂ ਸੀ, ਪਰ ਹੁਣ ਜਾਂਚ ਚੱਲ ਰਹੀ ਹੈ ਅਤੇ ਜੇਕਰ ਦੋਸ਼ ਸਾਬਤ ਹੁੰਦੇ ਹਨ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ।