ਤਰਨਤਾਰਨ :- ਤਰਨਤਾਰਨ ਜ਼ਿਮਨੀ ਚੋਣ ਤੋਂ ਸਿਰਫ਼ ਤਿੰਨ ਦਿਨ ਪਹਿਲਾਂ ਪੰਜਾਬ ਚੋਣ ਕਮਿਸ਼ਨ ਨੇ ਅਹਿਮ ਕਾਰਵਾਈ ਕਰਦਿਆਂ ਜ਼ਿਲ੍ਹੇ ਦੀ ਐਸ.ਐਸ.ਪੀ. ਡਾ. ਰਵਜੋਤ ਕੌਰ ਗਰੇਵਾਲ ਨੂੰ ਅਹੁਦੇ ਤੋਂ ਸਸਪੈਂਡ ਕਰ ਦਿੱਤਾ ਹੈ। ਉਨ੍ਹਾਂ ਦੀ ਥਾਂ ਆਈਪੀਐਸ ਅਫ਼ਸਰ ਸੁਰਿੰਦਰ ਲਾਂਬਾ ਨੂੰ ਤਰਨਤਾਰਨ ਦਾ ਨਵਾਂ ਐਸ.ਐਸ.ਪੀ. ਨਿਯੁਕਤ ਕੀਤਾ ਗਿਆ ਹੈ।
ਅਕਾਲੀ ਦਲ ਦੀ ਸ਼ਿਕਾਇਤ ਮਗਰੋਂ ਤੁਰੰਤ ਕਾਰਵਾਈ
ਇਹ ਕਾਰਵਾਈ ਉਸ ਸਮੇਂ ਹੋਈ ਜਦੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਚੋਣ ਕਮਿਸ਼ਨ ਨੂੰ ਐਸ.ਐਸ.ਪੀ. ਰਵਜੋਤ ਕੌਰ ਗਰੇਵਾਲ ਵਿਰੁੱਧ ਲਿਖਤੀ ਸ਼ਿਕਾਇਤ ਦਿੱਤੀ ਗਈ ਸੀ। ਅਕਾਲੀ ਦਲ ਨੇ ਦੋਸ਼ ਲਗਾਇਆ ਸੀ ਕਿ ਗਰੇਵਾਲ ਨੇ ਆਮ ਆਦਮੀ ਪਾਰਟੀ ਦੇ ਹਿੱਤ ਵਿੱਚ ਕੰਮ ਕਰਦੇ ਹੋਏ ਚੋਣ ਮਾਹੌਲ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਅਕਾਲੀ ਵਰਕਰਾਂ ਵਿਰੁੱਧ ਝੂਠੇ ਕੇਸ ਦਰਜ ਕਰਵਾਏ ਹਨ।
ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਚੋਣ ਅਬਜ਼ਰਵਰ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਸੀ ਕਿ ਪੁਲਿਸ ਨੇ ਅਕਾਲੀ ਪੰਚਾਂ ਅਤੇ ਸਰਪੰਚਾਂ ਨੂੰ ਧੱਕੇ ਨਾਲ ਘਰਾਂ ਤੋਂ ਚੁੱਕ ਕੇ ਲਿਜਾਇਆ, ਜਿਸ ਨਾਲ ਡਰ ਦਾ ਮਾਹੌਲ ਬਣਿਆ।
ਚੋਣ ਕਮਿਸ਼ਨ ਨੇ ਦਿਖਾਈ ਸਖ਼ਤੀ
ਸੁਖਬੀਰ ਬਾਦਲ ਦੀ ਸ਼ਿਕਾਇਤ ਅਤੇ ਪਾਰਟੀ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਵੱਲੋਂ ਦਿੱਤੇ ਗਏ ਸਬੂਤਾਂ ਨੂੰ ਧਿਆਨ ਵਿੱਚ ਰੱਖਦਿਆਂ ਚੋਣ ਕਮਿਸ਼ਨ ਨੇ ਤੁਰੰਤ ਕਾਰਵਾਈ ਕੀਤੀ। ਕਮਿਸ਼ਨ ਨੇ ਰਵਜੋਤ ਗਰੇਵਾਲ ਨੂੰ ਅਹੁਦੇ ਤੋਂ ਹਟਾਉਂਦੇ ਹੋਏ ਸਸਪੈਂਡ ਕਰਨ ਦਾ ਹੁਕਮ ਜਾਰੀ ਕੀਤਾ।
ਪਹਿਲਾਂ ਅੰਮ੍ਰਿਤਸਰ ਸੀਪੀ ਨੂੰ ਦਿੱਤਾ ਗਿਆ ਸੀ ਵਾਧੂ ਚਾਰਜ
ਸਵੇਰੇ ਜਿੱਥੇ ਅੰਮ੍ਰਿਤਸਰ ਦੇ ਸੀਪੀ ਗੁਰਪ੍ਰੀਤ ਸਿੰਘ ਭੁੱਲਰ (ਆਈਪੀਐਸ) ਨੂੰ ਤਰਨਤਾਰਨ ਦਾ ਵਾਧੂ ਚਾਰਜ ਦਿੱਤਾ ਗਿਆ ਸੀ, ਉਥੇ ਸ਼ਾਮ ਤੱਕ ਚੋਣ ਕਮਿਸ਼ਨ ਨੇ ਪੱਕੀ ਨਿਯੁਕਤੀ ਕਰਦਿਆਂ ਸੁਰਿੰਦਰ ਲਾਂਬਾ ਨੂੰ ਨਵਾਂ ਐਸ.ਐਸ.ਪੀ. ਤਰਨਤਾਰਨ ਤਾਇਨਾਤ ਕਰ ਦਿੱਤਾ।
ਤਰਨਤਾਰਨ ਦੀ ਪਹਿਲੀ ਮਹਿਲਾ ਐਸ.ਐਸ.ਪੀ. ਰਹੀ ਰਵਜੋਤ ਕੌਰ
ਡਾ. ਰਵਜੋਤ ਕੌਰ ਗਰੇਵਾਲ ਤਰਨਤਾਰਨ ਦੀ ਪਹਿਲੀ ਮਹਿਲਾ ਐਸ.ਐਸ.ਪੀ. ਸਨ। ਉਨ੍ਹਾਂ ਨੂੰ ਲਗਭਗ ਦੋ ਮਹੀਨੇ ਪਹਿਲਾਂ ਹੀ ਇਸ ਜ਼ਿਲ੍ਹੇ ਦੀ ਕਮਾਨ ਸੌਂਪੀ ਗਈ ਸੀ। ਇਸ ਤੋਂ ਪਹਿਲਾਂ ਉਹ ਫਤਿਹਗੜ੍ਹ ਸਾਹਿਬ ਵਿਚ ਐਸ.ਐਸ.ਪੀ. ਦੇ ਤੌਰ ਤੇ ਸੇਵਾਵਾਂ ਨਿਭਾ ਰਹੀਆਂ ਸਨ।
ਜ਼ਿਮਨੀ ਚੋਣਾਂ ਤੋਂ ਪਹਿਲਾਂ ਚਰਚਾ ਦਾ ਵਿਸ਼ਾ
ਇਹ ਸਸਪੈਂਸ਼ਨ ਜ਼ਿਮਨੀ ਚੋਣਾਂ ਤੋਂ ਠੀਕ ਪਹਿਲਾਂ ਹੋਣ ਕਰਕੇ ਤਰਨਤਾਰਨ ਵਿੱਚ ਰਾਜਨੀਤਿਕ ਗਰਮਾਹਟ ਵਧ ਗਈ ਹੈ। ਵਿਰੋਧੀ ਧਿਰ ਇਸਨੂੰ ਕਾਨੂੰਨ-ਵਿਵਸਥਾ ਨਾਲ ਜੋੜ ਕੇ ਦੇਖ ਰਹੀ ਹੈ ਜਦਕਿ ਚੋਣ ਕਮਿਸ਼ਨ ਦਾ ਕਹਿਣਾ ਹੈ ਕਿ ਇਹ ਫੈਸਲਾ ਚੋਣਾਂ ਨੂੰ ਨਿਰਪੱਖ ਬਣਾਉਣ ਲਈ ਲਿਆ ਗਿਆ ਹੈ।

