ਚੰਡੀਗੜ੍ਹ :- ਸੁਖਵਿੰਦਰ ਕਲਕੱਤਾ ਕਤਲ ਮਾਮਲਾ ਪੰਜਾਬ ਵਿੱਚ ਤਣਾਅ ਦਾ ਕਾਰਣ ਬਣਿਆ ਹੋਇਆ ਹੈ। ਇਸ ਮਾਮਲੇ ਨੂੰ ਲੈ ਕੇ ਪੁਲਿਸ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵੱਡਾ ਕਦਮ ਚੁੱਕਦਿਆਂ 21 ਮੈਂਬਰੀ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ। ਮੰਗਲਵਾਰ ਸ਼ਾਮ 7 ਤੋਂ 8 ਵਜੇ ਤੱਕ ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫਤਰ ਵਿੱਚ ADC ਬਰਨਾਲਾ, ਪ੍ਰਸ਼ਾਸਨ ਅਤੇ ਐਕਸ਼ਨ ਕਮੇਟੀ ਦੇ ਮੈਂਬਰਾਂ ਵਿਚਾਲੇ ਮੀਟਿੰਗ ਹੋਈ।
ਪਰਿਵਾਰ ਵੱਲੋਂ ਵਿੱਤੀ ਮੁਆਵਜ਼ੇ ਅਤੇ ਨੌਕਰੀ ਦੀ ਮੰਗ
ਕਤਲ ਮਾਮਲੇ ਨੂੰ ਲੈ ਕੇ ਸੁਖਵਿੰਦਰ ਦੇ ਪਰਿਵਾਰਕ ਮੈਂਬਰ ਲਗਾਤਾਰ ਧਰਨੇ ਤੇ ਪ੍ਰਦਰਸ਼ਨ ਕਰ ਰਹੇ ਹਨ ਅਤੇ ਕਠੋਰ ਕਾਰਵਾਈ ਦੀ ਮੰਗ ਕਰ ਰਹੇ ਹਨ। ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਿੰਡ ਦੇ ਵਿਕਾਸ ਲਈ ਸੁਖਵਿੰਦਰ ਵੱਲੋਂ ਆਪਣੇ ਪੈਸਿਆਂ ਨਾਲ ਖਰਚੇ ਗਏ 60 ਲੱਖ ਰੁਪਏ ਉਨ੍ਹਾਂ ਨੂੰ ਵਾਪਸ ਦਿੱਤੇ ਜਾਣ। ਇਸ ਤੋਂ ਇਲਾਵਾ ਪਰਿਵਾਰ ਨੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਵੀ ਮੰਗ ਰੱਖੀ ਹੈ।
ਪੋਸਟਮਾਰਟਮ ਅਤੇ ਸਸਕਾਰ ਕਮੇਟੀ ਦੇ ਫੈਸਲੇ ਤੱਕ ਟਾਲਿਆ
ਪਰਿਵਾਰ ਨੇ ਸਾਫ ਕੀਤਾ ਹੈ ਕਿ ਐਕਸ਼ਨ ਕਮੇਟੀ ਦੇ ਅਗਲੇ ਫੈਸਲੇ ਤੱਕ ਸੁਖਵਿੰਦਰ ਸਿੰਘ ਕਲਕੱਤਾ ਦਾ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਨਹੀਂ ਕੀਤਾ ਜਾਵੇਗਾ। ਕਮੇਟੀ ਨੇ ਇਸ ਕਤਲ ਕਾਂਡ ਦੀ ਸੀਬੀਆਈ ਜਾਂਚ ਦੀ ਮੰਗ ਵੀ ਰੱਖੀ ਹੈ।
ਤਿੰਨ ਮੁਲਜ਼ਮ ਗ੍ਰਿਫਤਾਰ, ਜਾਂਚ ਜਾਰੀ
ਯਾਦ ਰਹੇ ਕਿ 4 ਅਕਤੂਬਰ ਨੂੰ ਸਰਪੰਚ ਦੇ ਪੁੱਤਰ ਸੁਖਵਿੰਦਰ ਕਲਕੱਤਾ ਦੀ ਹੱਤਿਆ ਕੀਤੀ ਗਈ ਸੀ। ਇਸ ਮਾਮਲੇ ਵਿੱਚ ਹੁਣ ਤੱਕ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।