ਚੰਡੀਗੜ੍ਹ :- ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਚੱਲ ਰਹੇ ਮਾਣਹਾਨੀ ਦੇ ਕੇਸ ਵਿਚ ਸ਼ੁੱਕਰਵਾਰ ਨੂੰ ਚੰਡੀਗੜ੍ਹ ਦੀ ਜ਼ਿਲਾ ਅਦਾਲਤ ‘ਚ ਹੋਣੀ ਸੀ ਸੁਣਵਾਈ ਟਾਲ ਦਿੱਤੀ ਗਈ। ਅਦਾਲਤ ਨੇ ਹੁਣ ਇਸ ਮਾਮਲੇ ਨੂੰ 17 ਜਨਵਰੀ ਲਈ ਮੁਕਰਰ ਕੀਤਾ ਹੈ।
ਗੈਰ-ਜ਼ਮਾਨਤੀ ਵਾਰੰਟ ਵਾਪਸੀ ਦੀ ਅਰਜ਼ੀ ‘ਤੇ 17 ਜਨਵਰੀ ਨੂੰ ਸੁਣਵਾਈ
ਪਿਛਲੀ ਤਾਰੀਖ਼ 17 ਦਸੰਬਰ ਨੂੰ ਸੁਖਬੀਰ ਸਿੰਘ ਬਾਦਲ ਅਦਾਲਤ ‘ਚ ਪੇਸ਼ ਨਹੀਂ ਹੋਏ ਸਨ, ਜਿਸ ਕਾਰਨ ਅਦਾਲਤ ਵੱਲੋਂ ਉਨ੍ਹਾਂ ਖ਼ਿਲਾਫ਼ ਗੈਰ-ਜ਼ਮਾਨਤੀ ਵਾਰੰਟ ਜਾਰੀ ਕਰ ਦਿੱਤੇ ਗਏ ਸਨ। ਇਸ ਤੋਂ ਬਾਅਦ ਬਾਦਲ ਵੱਲੋਂ ਵਾਰੰਟ ਰੱਦ ਕਰਵਾਉਣ ਲਈ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਹੈ। ਸ਼ੁੱਕਰਵਾਰ ਦੀ ਸੁਣਵਾਈ ਦੌਰਾਨ ਬਾਦਲ ਦੇ ਵਕੀਲ ਨੇ ਹੋਰ ਸਮਾਂ ਮੰਗਿਆ, ਜਿਸਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ।
2017 ‘ਚ ਦਰਜ ਹੋਇਆ ਸੀ ਮਾਣਹਾਨੀ ਦਾ ਕੇਸ
ਇਹ ਮਾਮਲਾ ਸਾਲ 2017 ਨਾਲ ਸਬੰਧਿਤ ਹੈ, ਜਦੋਂ ਅਖੰਡ ਕੀਰਤਨੀ ਜਥੇ ਦੇ ਬੁਲਾਰੇ ਰਾਜਿੰਦਰ ਪਾਲ ਸਿੰਘ ਵੱਲੋਂ ਸੁਖਬੀਰ ਬਾਦਲ ਖ਼ਿਲਾਫ਼ ਮਾਣਹਾਨੀ ਦੀ ਅਰਜ਼ੀ ਦਾਇਰ ਕੀਤੀ ਗਈ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਬਾਦਲ ਦੇ ਬਿਆਨਾਂ ਕਾਰਨ ਉਨ੍ਹਾਂ ਦੀ ਧਾਰਮਿਕ ਸੰਸਥਾ ਦੀ ਛਵੀ ਨੂੰ ਨੁਕਸਾਨ ਪਹੁੰਚਿਆ।
ਵਿਵਾਦਿਤ ਬਿਆਨ ਤੋਂ ਸ਼ੁਰੂ ਹੋਇਆ ਮਾਮਲਾ
ਦਰਅਸਲ, 4 ਜਨਵਰੀ 2017 ਨੂੰ ਦਿੱਲੀ ਦੇ ਤਦਕਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਰਾਜਿੰਦਰ ਪਾਲ ਸਿੰਘ ਦੇ ਘਰ ਗਏ ਸਨ। ਇਸ ਮੁਲਾਕਾਤ ਤੋਂ ਬਾਅਦ ਸੁਖਬੀਰ ਬਾਦਲ ਵੱਲੋਂ ਮੀਡੀਆ ਸਾਹਮਣੇ ਦਿੱਤੇ ਬਿਆਨ ‘ਚ ਅਖੰਡ ਕੀਰਤਨੀ ਜਥੇ ਨੂੰ ਅੱਤਵਾਦੀ ਸੋਚ ਨਾਲ ਜੋੜਿਆ ਗਿਆ ਸੀ। ਇਸਨੂੰ ਅਪਮਾਨਜਨਕ ਕਰਾਰ ਦਿੰਦਿਆਂ ਰਾਜਿੰਦਰ ਪਾਲ ਸਿੰਘ ਨੇ ਅਦਾਲਤੀ ਰਾਹ ਅਪਣਾਇਆ।
ਹਾਈ ਕੋਰਟ ਤੋਂ ਨਹੀਂ ਮਿਲੀ ਸੀ ਰਾਹਤ
ਸੁਖਬੀਰ ਬਾਦਲ ਵੱਲੋਂ ਇਸ ਕੇਸ ਨੂੰ ਰੱਦ ਕਰਵਾਉਣ ਲਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਵੀ ਖਟਖਟਾਇਆ ਗਿਆ ਸੀ, ਪਰ ਉੱਥੋਂ ਕੋਈ ਰਾਹਤ ਨਹੀਂ ਮਿਲੀ। ਇਸ ਤੋਂ ਬਾਅਦ ਜ਼ਿਲਾ ਅਦਾਲਤ ‘ਚ ਪੇਸ਼ ਨਾ ਹੋਣ ਕਾਰਨ ਬਾਦਲ ਦੀ ਜ਼ਮਾਨਤ ਰੱਦ ਕਰ ਦਿੱਤੀ ਗਈ ਸੀ।

