ਚੰਡੀਗੜ੍ਹ :- ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ-ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਹੜ੍ਹ ਪੀੜਤ ਪੰਜਾਬ ਲਈ ਤੁਰੰਤ ਵਿਸ਼ੇਸ਼ ਪੈਕੇਜ ਜਾਰੀ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਰਾਹਤ ਕਾਰਜਾਂ ਨੂੰ ਤੇਜ਼ੀ ਨਾਲ ਅੰਜ਼ਾਮ ਤੱਕ ਪਹੁੰਚਾਉਣ ਲਈ NDRF ਅਤੇ ਫ਼ੌਜ ਦੀ ਵਧੇਰੇ ਤੈਨਾਤੀ ਅਤੇ ਉਪਕਰਣਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਮੰਗ ਕੀਤੀ।
ਕਿਸਾਨਾਂ ਲਈ ਰਾਹਤ ਅਤੇ ਅਗਾਊਂ ਉਪਾਅ ‘ਤੇ ਜ਼ੋਰ
ਬਾਦਲ ਨੇ PM ਮੋਦੀ ਨੂੰ ਕਿਹਾ ਕਿ ਹੜ੍ਹ ਕਾਰਨ ਖੜ੍ਹੇ ਪਾਣੀ ਨਾਲ ਪੈਦਾ ਹੋ ਰਹੀਆਂ ਸਿਹਤ ਸਮੱਸਿਆਵਾਂ ਲਈ ਵਿਸ਼ੇਸ਼ ਟੀਮਾਂ ਭੇਜੀਆਂ ਜਾਣ। ਉਨ੍ਹਾਂ ਨੇ ਕਿਸਾਨਾਂ ਨੂੰ ਫਸਲ, ਘਰ ਅਤੇ ਦੁਧਾਰੂ ਪਸ਼ੂਆਂ ਦੇ ਨੁਕਸਾਨ ਲਈ ਸਿੱਧੀ ਵਿੱਤੀ ਸਹਾਇਤਾ ਦੇਣ ਦੀ ਗੁਹਾਰ ਕੀਤੀ ਅਤੇ ਕਿਸਾਨੀ ਕਰਜ਼ਿਆਂ ਤੋਂ ਰਾਹਤ ਤੇ ਖਾਣ-ਪੀਣ ਦੀਆਂ ਵਸਤਾਂ ਮੁਹੱਈਆ ਕਰਵਾਉਣ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਸੁਖਬੀਰ ਬਾਦਲ ਨੇ ਕਿਹਾ ਕਿ ਇਹ ਸਮਾਂ ਕਿਸਾਨੀ ਕਰਜ਼ੇ ਮੁਆਫ਼ ਕਰਨ ਅਤੇ ਮੁੱਖ ਦਰਿਆਵਾਂ, ਨਾਲਿਆਂ ਦੀ ਸਫਾਈ ਤੇ ਪੱਕੇ ਬੰਨ੍ਹਾਂ ਦੀ ਉਸਾਰੀ ਲਈ ਵਿਸ਼ੇਸ਼ ਫੰਡ ਜਾਰੀ ਕਰਨ ਦਾ ਹੈ, ਤਾਂ ਜੋ ਆਉਣ ਵਾਲੇ ਸਮੇਂ ਵਿੱਚ ਐਸੀ ਤਬਾਹੀ ਤੋਂ ਬਚਿਆ ਜਾ ਸਕੇ।