ਬਟਾਲਾ :- ਬਟਾਲਾ ਸ਼ਹਿਰ ਵਿੱਚ ਸਜੇ ਨਗਰ ਕੀਰਤਨ ਦੌਰਾਨ ਸਫ਼ਾਈ ਪ੍ਰਬੰਧਾਂ ਦੀ ਨਾਕਾਮੀ ਸਰਕਾਰੀ ਅਧਿਕਾਰੀ ਲਈ ਮੁਸੀਬਤ ਬਣ ਗਈ। ਧਾਰਮਿਕ ਸਮਾਗਮ ਦੇ ਰੂਟ ’ਤੇ ਕੂੜੇ ਦੇ ਢੇਰ ਲੱਗੇ ਰਹਿਣ ਦੀ ਸ਼ਿਕਾਇਤ ਸਾਹਮਣੇ ਆਉਂਦਿਆਂ ਹੀ ਪੰਜਾਬ ਸਰਕਾਰ ਨੇ ਤੁਰੰਤ ਕਾਰਵਾਈ ਕਰਦਿਆਂ ਨਗਰ ਨਿਗਮ ਬਟਾਲਾ ਦੇ ਸੈਨੀਟਰੀ ਅਫ਼ਸਰ ਨੂੰ ਮੁਅੱਤਲ ਕਰ ਦਿੱਤਾ।
ਵਿਧਾਇਕ ਸ਼ੈਰੀ ਕਲਸੀ ਨੇ ਦਿਖਾਈ ਸਖ਼ਤੀ, ਕਿਹਾ—ਅਣਗਹਿਲੀ ਦੀ ਕੋਈ ਗੁੰਜਾਇਸ਼ ਨਹੀਂ
ਪੰਜਾਬ ਦੇ ਕਾਰਜਕਾਰੀ ਪ੍ਰਧਾਨ ਅਤੇ ਬਟਾਲਾ ਤੋਂ ਵਿਧਾਇਕ ਸ਼ੈਰੀ ਕਲਸੀ ਨੇ ਸਪਸ਼ਟ ਕੀਤਾ ਕਿ ਇਤਿਹਾਸਕ ਤੇ ਧਾਰਮਿਕ ਸ਼ਹਿਰ ਬਟਾਲਾ ਵਿੱਚ ਕਿਸੇ ਵੀ ਵਿਭਾਗ ਦੀ ਲਾਪਰਵਾਹੀ ਕਦੇ ਵੀ ਸਹਿਨ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿੱਥੇ ਸਿੱਖ, ਹਿੰਦੂ, ਈਸਾਈ ਸਮੇਤ ਹਰ ਭਾਈਚਾਰੇ ਦੇ ਧਾਰਮਿਕ ਸਮਾਗਮ ਹੁੰਦੇ ਹਨ, ਉੱਥੇ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ।
ਸੰਗਤ ਦੀ ਨਾਰਾਜ਼ਗੀ ਤੋਂ ਬਾਅਦ ਚਾਰ ਘੰਟਿਆਂ ’ਚ ਐਕਸ਼ਨ
ਨਗਰ ਕੀਰਤਨ ਦੌਰਾਨ ਗੰਦਗੀ ਦੇ ਦ੍ਰਿਸ਼ ਸਾਹਮਣੇ ਆਉਣ ’ਤੇ ਸੰਗਤ ਵੱਲੋਂ ਨਾਰਾਜ਼ਗੀ ਜ਼ਾਹਰ ਕੀਤੀ ਗਈ। ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਸਥਾਨਕ ਸਰਕਾਰ ਵਿਭਾਗ ਨੇ ਕੇਵਲ ਚਾਰ ਘੰਟਿਆਂ ਦੇ ਅੰਦਰ ਨਗਰ ਨਿਗਮ ਬਟਾਲਾ ਦੇ ਸੈਨੀਟਰੀ ਅਫ਼ਸਰ ਜਗਦੀਪ ਸਿੰਘ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕਰ ਦਿੱਤੇ।
ਕਮਿਸ਼ਨਰ ਦੀ ਰਿਪੋਰਟ ਬਣੀ ਕਾਰਵਾਈ ਦੀ ਬੁਨਿਆਦ
ਨਗਰ ਨਿਗਮ ਕਮਿਸ਼ਨਰ ਵੱਲੋਂ ਭੇਜੀ ਗਈ ਰਿਪੋਰਟ ਵਿੱਚ ਡਿਊਟੀ ਦੌਰਾਨ ਘੋਰ ਲਾਪਰਵਾਹੀ ਅਤੇ ਕੁਤਾਹੀ ਦੀ ਪੁਸ਼ਟੀ ਹੋਣ ’ਤੇ ਇਹ ਕਦਮ ਚੁੱਕਿਆ ਗਿਆ। ਅਧਿਕਾਰੀ ਨੂੰ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਵਲੀ, 1970 ਦੇ ਨਿਯਮ 4(1) ਤਹਿਤ ਤੁਰੰਤ ਪ੍ਰਭਾਵ ਨਾਲ ਸੇਵਾ ਤੋਂ ਹਟਾਇਆ ਗਿਆ ਹੈ।
“ਜੋ ਡਿਊਟੀ ਨਹੀਂ ਨਿਭਾਉਂਦਾ, ਉਹ ਕੁਰਸੀ ’ਤੇ ਨਹੀਂ ਬੈਠ ਸਕਦਾ”
ਸ਼ੈਰੀ ਕਲਸੀ ਨੇ ਦੋ ਟੁੱਕ ਕਿਹਾ ਕਿ ਕੁਝ ਲੋਕ ਅਹੁਦੇ ਤਾਂ ਰੱਖਦੇ ਹਨ ਪਰ ਜ਼ਿੰਮੇਵਾਰੀ ਤੋਂ ਭੱਜਦੇ ਹਨ। ਐਸੇ ਅਧਿਕਾਰੀਆਂ ਲਈ ਬਟਾਲਾ ਵਿੱਚ ਕੋਈ ਥਾਂ ਨਹੀਂ। ਉਨ੍ਹਾਂ ਦੋਹਰਾਇਆ ਕਿ ਸ਼ਹਿਰ ਦੇ ਸਨਮਾਨ, ਸਫ਼ਾਈ ਅਤੇ ਵਿਵਸਥਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ।
ਅਗਲੀ ਕਾਰਵਾਈ ਵੀ ਤੈਅ, ਦੋਸ਼ ਸੂਚੀ ਜਲਦ ਜਾਰੀ ਹੋਵੇਗੀ
ਸਰਕਾਰੀ ਹੁਕਮਾਂ ਮੁਤਾਬਕ ਸਬੰਧਤ ਅਧਿਕਾਰੀ ਵਿਰੁੱਧ ਨਿਯਮਾਂ ਅਧੀਨ ਵੱਖਰੀ ਦੋਸ਼ ਸੂਚੀ ਜਾਰੀ ਕੀਤੀ ਜਾਵੇਗੀ ਅਤੇ ਅਗਲੀ ਵਿਭਾਗੀ ਕਾਰਵਾਈ ਕੀਤੀ ਜਾਵੇਗੀ।

