ਚੰਡੀਗੜ੍ਹ :- ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਹਾਲ ਹੀ ਵਿੱਚ ਪੰਜਾਬ ਵਿੱਚ ਮਸੀਹ ਭਾਈਚਾਰੇ ਖਿਲਾਫ ਦਿੱਤੇ ਬਿਆਨ ਕਾਰਨ ਮਸੀਹੀ ਭਾਈਚਾਰੇ ਵਿੱਚ ਨਾਰਾਜ਼ਗੀ ਵੱਧ ਰਹੀ ਹੈ। ਇਸ ਮਾਮਲੇ ’ਤੇ ਵੱਡੇ ਪੱਧਰ ’ਤੇ ਰੋਸ ਦਰਜ ਕਰਵਾਇਆ ਜਾ ਰਿਹਾ ਹੈ।
ਘੱਟ ਗਿਣਤੀ ਕਮਿਸ਼ਨ ਦੀ ਸਖ਼ਤ ਪ੍ਰਤੀਕਿਰਿਆ
ਪੰਜਾਬ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਕੇਂਦਰੀ ਮੰਤਰੀ ਨੂੰ ਤੁਰੰਤ ਜਨਤਕ ਤੌਰ ’ਤੇ ਮੁਆਫੀ ਮੰਗਣ ਲਈ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਿਹੇ ਅਣ ਅਧਿਕਾਰਿਤ ਤੇ ਅਣ ਸੰਵਿਧਾਨਿਕ ਬਿਆਨ ਨਾ ਕੇਵਲ ਘੱਟ ਗਿਣਤੀਆਂ ਦੀ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੇ ਹਨ, ਸਗੋਂ ਸਮਾਜਕ ਸਦਭਾਵਨਾ ਲਈ ਵੀ ਖ਼ਤਰਾ ਪੈਦਾ ਕਰਦੇ ਹਨ।
ਸ਼ਿਕਾਇਤਾਂ ਦੇ ਆਧਾਰ ’ਤੇ ਕੀਤੀ ਕਾਰਵਾਈ
ਘੱਟ ਗਿਣਤੀ ਕਮਿਸ਼ਨ ਨੂੰ ਇਸਾਈ ਭਾਈਚਾਰੇ ਵੱਲੋਂ ਰਵਨੀਤ ਬਿੱਟੂ ਵਿਰੁੱਧ ਲਗਾਤਾਰ ਸ਼ਿਕਾਇਤਾਂ ਪ੍ਰਾਪਤ ਹੋ ਰਹੀਆਂ ਸਨ। ਇਸ ਦੇ ਮੱਦੇਨਜ਼ਰ ਚੇਅਰਮੈਨ ਜਤਿੰਦਰ ਮਸੀਹ ਗੌਰਵ ਨੇ ਪੰਜਾਬ ਸਰਕਾਰ ਦੇ ਵਿਸ਼ੇਸ਼ ਸਕੱਤਰ ਨੂੰ ਪੱਤਰ ਲਿਖ ਕੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਰਵਨੀਤ ਬਿੱਟੂ ਨੂੰ ਅਜਿਹੇ ਬਿਆਨਾਂ ਤੋਂ ਰੋਕਿਆ ਜਾਵੇ।
ਮੁਆਫੀ ਦੀ ਮੰਗ ਤੇ ਭਵਿੱਖੀ ਕਾਰਵਾਈ
ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਰਵਨੀਤ ਬਿੱਟੂ ਜਲਦ ਮੁਆਫੀ ਨਹੀਂ ਮੰਗਦੇ ਤਾਂ ਇਸ ਮਾਮਲੇ ਨੂੰ ਹੋਰ ਗੰਭੀਰਤਾ ਨਾਲ ਕੇਂਦਰ ਤੱਕ ਪਹੁੰਚਾਇਆ ਜਾਵੇਗਾ। ਮਸੀਹੀ ਭਾਈਚਾਰੇ ਨੇ ਵੀ ਉਮੀਦ ਜਤਾਈ ਹੈ ਕਿ ਕੇਂਦਰੀ ਮੰਤਰੀ ਆਪਣੇ ਬਿਆਨ ’ਤੇ ਸਪੱਸ਼ਟੀਕਰਨ ਦੇਣਗੇ।