ਚੰਡੀਗੜ੍ਹ :- ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ 55 ਲੱਖ ਲੋਕਾਂ ਨੂੰ ਮੁਫ਼ਤ ਰਾਸ਼ਨ ਸਕੀਮ ਤੋਂ ਵਾਂਝਾ ਕਰਨ ਦੇ ਫ਼ੈਸਲੇ ਦੀ ਸਖ਼ਤ ਆਲੋਚਨਾ ਕੀਤੀ ਹੈ।
ਕੇਂਦਰ ਵੱਲੋਂ ਮੁਫ਼ਤ ਰਾਸ਼ਨ ਬੰਦ ਕਰਨ ਦੀ ਸਾਜ਼ਿਸ਼
ਖੁੱਡੀਆਂ ਨੇ ਕਿਹਾ ਕਿ ਪੰਜਾਬ ਵਿੱਚ 1 ਕਰੋੜ 53 ਲੱਖ ਲੋਕਾਂ ਨੂੰ ਰਾਸ਼ਨ ਕਾਰਡ ਰਾਹੀਂ ਮੁਫ਼ਤ ਅਨਾਜ ਮਿਲਦਾ ਹੈ। ਇਸ ਵਿੱਚੋਂ ਜੁਲਾਈ ਮਹੀਨੇ 23 ਲੱਖ ਲੋਕਾਂ ਦਾ ਰਾਸ਼ਨ ਕੇਵਾਈਸੀ ਨਾ ਹੋਣ ਦੇ ਨਾਂ ‘ਤੇ ਰੋਕ ਦਿੱਤਾ ਗਿਆ ਹੈ, ਜਦਕਿ 32 ਲੱਖ ਹੋਰ ਲੋਕਾਂ ਦਾ ਰਾਸ਼ਨ 30 ਸਤੰਬਰ ਤੋਂ ਬੰਦ ਕਰਨ ਦੀ ਤਿਆਰੀ ਹੈ।
ਪੰਜਾਬ ਸਰਕਾਰ ਦਾ ਵਿਰੋਧ
ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਫ਼ੈਸਲੇ ਦੀ ਨਿਖੇਧੀ ਕਰਦੀ ਹੈ ਅਤੇ ਕਿਸੇ ਵੀ ਲੋੜਵੰਦ ਪਰਿਵਾਰ ਨੂੰ ਰਾਸ਼ਨ ਤੋਂ ਵਾਂਝਾ ਨਹੀਂ ਹੋਣ ਦੇਵੇਗੀ। ਖੁੱਡੀਆਂ ਨੇ ਦਾਅਵਾ ਕੀਤਾ ਕਿ ਕੋਈ ਵੀ ਰਾਸ਼ਨ ਕਾਰਡ ਬਿਨ੍ਹਾਂ ਪੜਤਾਲ ਕੱਟਣ ਨਹੀਂ ਦਿੱਤਾ ਜਾਵੇਗਾ।
ਕੇਵਾਈਸੀ ਪ੍ਰਕਿਰਿਆ ਤੇ ਭਰੋਸਾ
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਬਾਕੀ ਰਹਿੰਦੇ ਕਾਰਡਾਂ ਦੀ ਕੇਵਾਈਸੀ ਕਰਵਾਏਗੀ ਤਾਂ ਜੋ ਕੋਈ ਗਰੀਬ ਪਰਿਵਾਰ ਰਾਸ਼ਨ ਤੋਂ ਵਾਂਝਾ ਨਾ ਰਹੇ। ਉਨ੍ਹਾਂ ਕੇਂਦਰ ਦੇ ਫ਼ੈਸਲੇ ਨੂੰ ਤਾਨਾਸ਼ਾਹੀ ਕਰਾਰ ਦਿੱਤਾ।