ਚੰਡੀਗੜ੍ਹ :- ਪੰਜਾਬ ਦੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਦਾ ਮਾਹੌਲ ਇਸ ਵੇਲੇ ਤਣਾਅ ਅਤੇ ਤਿਖੇ ਦੋਸ਼ਾਂ ਨਾਲ ਭਰਿਆ ਹੋਇਆ ਹੈ। ਇਸ ਸਭ ਦੇ ਵਿਚਕਾਰ ਐਸਐਸਪੀ ਪਟਿਆਲਾ ਵਰੁਣ ਸ਼ਰਮਾ ਦਾ ਨਾਮ ਇੱਕ ਕਥਿਤ ਆਡੀਓ ਰਿਕਾਰਡਿੰਗ ਕਾਰਨ ਵੱਡੇ ਵਿਵਾਦ ਵਿਚ ਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੁਆਰਾ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਹੁਣ ਮਾਮਲਾ ਹੋਰ ਗੰਭੀਰ ਰੂਪ ਧਾਰ ਚੁੱਕਿਆ ਹੈ।
ਚੋਣ ਕਮਿਸ਼ਨ ਦੀ ਸਖ਼ਤੀ—ਡੀਜੀਪੀ ਨੂੰ ਤੁਰੰਤ ਜਾਂਚ ਦੇ ਹੁਕਮ
ਸਟੇਟ ਚੋਣ ਕਮਿਸ਼ਨ ਨੇ ਇਸ ਕਥਿਤ ਆਡੀਓ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਜਾਂਚ ਦੇ ਹੁਕਮ ਜਾਰੀ ਕੀਤੇ ਹਨ। ਨੋਟਿਸ ਵਿਚ ਕਿਹਾ ਗਿਆ ਹੈ ਕਿ ਮਾਮਲੇ ਦੀ ਤੁਰੰਤ ਜਾਂਚ ਕਰਕੇ ਰਿਪੋਰਟ ਸਭ ਤੋਂ ਪਹਿਲਾਂ ਚੋਣ ਕਮਿਸ਼ਨ ਨੂੰ ਭੇਜੀ ਜਾਵੇ। ਚੋਣ ਪ੍ਰਕਿਰਿਆ ਦੇ ਨਿਰਪੱਖ ਹੋਣ ‘ਤੇ ਕੋਈ ਸਵਾਲ ਖੜ੍ਹਾ ਨਾ ਰਹੇ, ਇਸ ਲਈ ਕਮਿਸ਼ਨ ਨੇ ਤੇਜ਼ ਕਾਰਵਾਈ ਦੀ ਮੰਗ ਕੀਤੀ ਹੈ।
ਸੁਖਬੀਰ ਬਾਦਲ ਨੇ ਕੀਤੀ ਸੀ ਆਡੀਓ ਜਾਰੀ, ਰੋਸ ਹੋਇਆ ਤੀਖਾ
ਵਿਵਾਦ ਦੀ ਸ਼ੁਰੂਆਤ ਉਸ ਸਮੇਂ ਹੋਈ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਆਡੀਓ ਰਿਕਾਰਡਿੰਗ ਜਾਰੀ ਕਰਕੇ ਦਾਅਵਾ ਕੀਤਾ ਕਿ ਇਸ ਵਿੱਚ ਆਵਾਜ਼ ਵਰੁਣ ਸ਼ਰਮਾ ਦੀ ਹੈ।
ਆਡੀਓ ਵਿੱਚ ਕਥਿਤ ਤੌਰ ’ਤੇ ਚੋਣਾਂ ਦੌਰਾਨ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਦਫ਼ਤਰਾਂ ਤੱਕ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿਚ ਰੋਕਣ, ਉਨ੍ਹਾਂ ’ਤੇ ਦਬਾਅ ਬਣਾਉਣ ਅਤੇ ਚੋਣ ਪ੍ਰਕਿਰਿਆ ’ਚ ਹਸਤਖੇਪ ਕਰਨ ਦੀਆਂ ਗੱਲਾਂ ਸੁਣਾਈ ਦੇਣ ਦਾ ਦਾਅਵਾ ਕੀਤਾ ਗਿਆ ਹੈ।
ਇਸ ਪੋਸਟ ਤੋਂ ਬਾਅਦ ਚੋਣ ਮਾਹੌਲ ਹੋਰ ਵੀ ਜ਼ਹਿਰੀਲਾ ਹੋ ਗਿਆ ਅਤੇ ਅਕਾਲੀ ਦਲ ਨੇ ਇਸਨੂੰ ਗੰਭੀਰ “ਲੋਕਤੰਤਰਕ ਹਸਤਖੇਪ” ਦੱਸਦਿਆਂ ਕੋਰਟ ਦਾ ਦਰਵਾਜ਼ਾ ਖੜਕਾਇਆ।
ਹਾਈਕੋਰਟ ਦੀ ਤਿੱਖੀ ਨੋਟਿਸ—ਚੋਣ ਕਮਿਸ਼ਨ ਤੋਂ ਜਵਾਬ ਤਲਬ
ਆਡੀਓ ਨੂੰ ਲੈ ਕੇ ਦਾਇਰ ਕੀਤੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਪੰਜਾਬ-ਹਰਿਆਣਾ ਹਾਈਕੋਰਟ ਨੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ ਸੀ। ਅਦਾਲਤ ਨੇ ਪੁੱਛਿਆ ਕਿ ਚੋਣ ਪ੍ਰਕਿਰਿਆ ਵਿਚ ਧੱਕੇਸ਼ਾਹੀ ਦੇ ਦੋਸ਼ਾਂ ਨੂੰ ਰੋਕਣ ਲਈ ਕਮਿਸ਼ਨ ਕੀ ਕਰ ਰਿਹਾ ਹੈ, ਅਤੇ ਸੂਬੇ ਵਿਚ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ ਕਿੜੇ ਉਪਾਅ ਲਏ ਜਾ ਰਹੇ ਹਨ।
ਧੱਕੇਸ਼ਾਹੀ ਦੇ ਦੋਸ਼ਾਂ ਨਾਲ ਰਾਜਨੀਤਿਕ ਤਾਪਮਾਨ ਚੜ੍ਹਿਆ
ਪਟੀਸ਼ਨਰ ਪਾਸੇ ਦੇ ਵਕੀਲ ਅਰਸ਼ਦੀਪ ਕਲੇਰ ਦਾ ਕਹਿਣਾ ਹੈ ਕਿ ਚੋਣਾਂ ਦੌਰਾਨ ਕਈ ਥਾਵਾਂ ’ਤੇ ਉਮੀਦਵਾਰਾਂ ਨੂੰ ਦਬਾਅ ਦੇ ਰਾਹੀਂ ਨਾਮਜ਼ਦਗੀਆਂ ਤੋਂ ਰੋਕਿਆ ਗਿਆ, ਉਨ੍ਹਾਂ ਦੇ ਪੱਤਰ ਪਾੜ ਦਿੱਤੇ ਗਏ ਜਾਂ ਰਾਹ ਵਿਚ ਹੀ ਘਰਾਂ ਵਿਚ ਨਜ਼ਰਬੰਦ ਕਰ ਦਿੱਤਾ ਗਿਆ।
ਉਹਨਾਂ ਕਿਹਾ ਕਿ ਪਟਿਆਲਾ ਐਸਐਸਪੀ ਨਾਲ ਜੁੜੀ ਇਹ ਆਡੀਓ ਨਾ ਸਿਰਫ਼ ਚੋਣ ਪ੍ਰਕਿਰਿਆ ਨਾਲ ਖਿਲਵਾੜ ਦਾ ਸੰਕੇਤ ਹੈ, ਸਗੋਂ ਲੋਕਤੰਤਰ ਦੀ ਆਤਮਾ ਲਈ ਵੀ ਵੱਡੀ ਚੁਣੌਤੀ ਹੈ।

