ਚੰਡੀਗੜ੍ਹ :- ਪੰਜਾਬ ਵਿਧਾਨ ਸਭਾ ਦਾ ਚਾਰ ਦਿਨਾਂ ਦਾ ਵਿਸ਼ੇਸ਼ ਸੈਸ਼ਨ ਅੱਜ ਯਾਨੀ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਿਹਾ ਹੈ। ਜਾਣਕਾਰੀ ਮੁਤਾਬਕ ਇਹ ਸੈਸ਼ਨ ਸਵੇਰੇ ਲਗਭਗ 10 ਤੋਂ 11 ਵਜੇ ਦੇ ਵਿਚਕਾਰ ਸ਼ੁਰੂ ਹੋਵੇਗਾ। ਇਹ ਸੈਸ਼ਨ 26 ਸਤੰਬਰ ਤੋਂ 29 ਸਤੰਬਰ ਤੱਕ ਜਾਰੀ ਰਹੇਗਾ। ਸੈਸ਼ਨ ਦੀ ਸ਼ੁਰੂਆਤ ਦੌਰਾਨ ਹਾਲ ਹੀ ਵਿੱਚ ਦਿਹਾਂਤ ਹੋਏ ਵਿਅਕਤੀਆਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੀਆਂ ਮਹੱਤਵਪੂਰਨ ਰਿਪੋਰਟਾਂ ਵੀ ਸਦਨ ਦੇ ਮੇਜ ‘ਤੇ ਪੇਸ਼ ਕੀਤੀਆਂ ਜਾਣਗੀਆਂ।
ਪ੍ਰਸ਼ਨ ਕਾਲ ਨਹੀਂ, ਪਰ ਜ਼ੀਰੋ ਆਵਰ ਰਹੇਗਾ
ਇਸ ਵਿਸ਼ੇਸ਼ ਸੈਸ਼ਨ ਦੌਰਾਨ ਪ੍ਰਸ਼ਨ ਕਾਲ ਨਹੀਂ ਹੋਵੇਗਾ। ਹਾਲਾਂਕਿ ਜ਼ੀਰੋ ਆਵਰ ਜ਼ਰੂਰ ਰਹੇਗਾ, ਜਿਸ ‘ਚ ਵਿਧਾਇਕ ਆਪਣੇ ਖੇਤਰਾਂ ਨਾਲ ਜੁੜੇ ਮੁੱਦੇ ਸਦਨ ਅੱਗੇ ਰੱਖ ਸਕਣਗੇ।
ਹੜ੍ਹਾਂ ਦੇ ਨੁਕਸਾਨ ‘ਤੇ ਹੋਵੇਗੀ ਵਿਆਪਕ ਚਰਚਾ
ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਪੰਜਾਬ ਨੇ ਭਿਆਨਕ ਹੜ੍ਹਾਂ ਦਾ ਸਾਹਮਣਾ ਕੀਤਾ ਹੈ, ਜਿਸ ਨਾਲ ਕਈ ਲੋਕਾਂ ਦੀ ਜਾਨ ਗਈ ਅਤੇ ਵੱਡੇ ਪੱਧਰ ‘ਤੇ ਫਸਲਾਂ, ਘਰਾਂ ਤੇ ਜਾਇਦਾਦ ਦਾ ਨੁਕਸਾਨ ਹੋਇਆ। ਇਨ੍ਹਾਂ ਹੜ੍ਹਾਂ ਦੇ ਪ੍ਰਭਾਵ, ਰਾਹਤ ਤੇ ਬਚਾਅ ਕਾਰਜਾਂ ‘ਤੇ ਵਿਚਾਰ-ਵਟਾਂਦਰਾ ਕਰਨ ਲਈ ਇਹ ਸੈਸ਼ਨ ਬੁਲਾਇਆ ਗਿਆ ਹੈ। ਵਿਰੋਧੀ ਧਿਰ ਵੱਲੋਂ ਸੰਭਾਵਨਾ ਹੈ ਕਿ ਹੜ੍ਹ ਰਾਹਤ ਕਾਰਜਾਂ ਅਤੇ ਹੋਰ ਮੁੱਦਿਆਂ ਨੂੰ ਲੈ ਕੇ ਸਦਨ ਵਿੱਚ ਹੰਗਾਮਾ ਕੀਤਾ ਜਾ ਸਕਦਾ ਹੈ।