ਚੰਡੀਗੜ੍ਹ :- ਪੰਜਾਬ ਵਿੱਚ ਹੜ੍ਹਾਂ ਦੀ ਗੰਭੀਰ ਸਥਿਤੀ ਦੇ ਮੱਦੇਨਜ਼ਰ, ਪੰਜਾਬ ਸਟੇਟ ਮਿਡ-ਡੇਅ ਮੀਲ ਸੋਸਾਇਟੀ ਨੇ ਚੇਤਾਵਨੀ ਜਾਰੀ ਕੀਤੀ ਹੈ ਕਿ ਕਈ ਸਕੂਲਾਂ ਵਿੱਚ ਪਾਣੀ ਭਰਨ ਕਾਰਨ ਮਿਡ-ਡੇਅ ਮੀਲ ਸਕੀਮ ਅਧੀਨ ਰੱਖਿਆ ਅਨਾਜ ਖਰਾਬ ਹੋ ਸਕਦਾ ਹੈ। ਕਈ ਸਕੂਲ ਮੁਖੀਆਂ ਨੇ ਇਸ ਬਾਰੇ ਚਿੰਤਾ ਜ਼ਾਹਿਰ ਕੀਤੀ ਸੀ।
ਅਨਾਜ ਨੂੰ ਸੁਰੱਖਿਅਤ ਥਾਂ ‘ਤੇ ਤਬਦੀਲ ਕਰਨ ਦੇ ਨਿਰਦੇਸ਼
ਸੋਸਾਇਟੀ ਨੇ ਸਾਰੇ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਹਨ ਕਿ ਜਿਨ੍ਹਾਂ ਸਕੂਲਾਂ ਵਿੱਚ ਅਨਾਜ ਖਰਾਬ ਹੋਣ ਦਾ ਖ਼ਤਰਾ ਹੈ, ਉੱਥੇ ਅਨਾਜ ਨੂੰ ਤੁਰੰਤ ਸੁਰੱਖਿਅਤ ਥਾਂ ‘ਤੇ ਤਬਦੀਲ ਕੀਤਾ ਜਾਵੇ। ਨਾਲ ਹੀ, ਸ਼ਿਫਟਿੰਗ ਦੌਰਾਨ ਹਰ ਇੱਕ ਬੋਰੀ ਦਾ ਰਿਕਾਰਡ ਮਿਡ-ਡੇਅ ਮੀਲ ਰਜਿਸਟਰ ਵਿੱਚ ਠੀਕ ਢੰਗ ਨਾਲ ਦਰਜ ਕਰਨਾ ਲਾਜ਼ਮੀ ਹੋਵੇਗਾ।
ਬੱਚਿਆਂ ਦੇ ਭੋਜਨ ਵਿੱਚ ਰੁਕਾਵਟ ਨਾ ਆਵੇ: ਸੋਸਾਇਟੀ
ਸੋਸਾਇਟੀ ਨੇ ਇਸ ਕਦਮ ਨੂੰ ਬਹੁਤ ਜ਼ਰੂਰੀ ਦੱਸਦੇ ਹੋਏ ਹਦਾਇਤ ਦਿੱਤੀ ਹੈ ਕਿ ਸਾਰੀ ਪ੍ਰਕਿਰਿਆ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ ਤਾਂ ਜੋ ਬੱਚਿਆਂ ਨੂੰ ਮਿਲਣ ਵਾਲੇ ਭੋਜਨ ਵਿੱਚ ਕੋਈ ਰੁਕਾਵਟ ਨਾ ਪਵੇ ਅਤੇ ਅਨਾਜ ਦੇ ਨੁਕਸਾਨ ਤੋਂ ਵੀ ਬਚਾਵ ਹੋ ਸਕੇ।