ਲੁਧਿਆਣਾ :- ਲੁਧਿਆਣਾ ਦੇ ਆਤਮ ਨਗਰ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਨੇ ਪੰਜਾਬ ਵਿਧਾਨ ਸਭਾ ਵਿੱਚ ਇੱਕ ਨਵਾਂ ਬਿੱਲ ਪੇਸ਼ ਕਰਨ ਲਈ ਸਪੀਕਰ ਕੋਲ ਅਰਜ਼ੀ ਦਿੱਤੀ ਹੈ। ਇਹ ਬਿੱਲ ਖ਼ਾਸ ਤੌਰ ਤੇ ਵਕੀਲਾਂ ਦੀ ਸੁਰੱਖਿਆ ਅਤੇ ਤੰਦਰੁਸਤੀ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।
ਬਿੱਲ ਪੇਸ਼ ਕਰਨ ਦਾ ਮਕਸਦ
ਸਿੱਧੂ ਨੇ ਦੱਸਿਆ ਕਿ ਪਿਛਲੇ ਸਮੇਂ ਵਿੱਚ ਵਕੀਲਾਂ ਅਤੇ ਉਨ੍ਹਾਂ ਦੇ ਪਰਿਵਾਰਾਂ ‘ਤੇ ਹਮਲੇ ਹੋ ਰਹੇ ਹਨ। ਇਹ ਸਿਰਫ਼ ਵਕੀਲਾਂ ਲਈ ਹੀ ਨਹੀਂ, ਸਗੋਂ ਸਾਰੇ ਲੋਕਾਂ ਲਈ ਚਿੰਤਾ ਦਾ ਮਾਮਲਾ ਹੈ, ਕਿਉਂਕਿ ਜੇ ਵਕੀਲ ਸੁਰੱਖਿਅਤ ਨਹੀਂ ਰਹਿਣਗੇ ਤਾਂ ਨਿਆਂ ਪ੍ਰਕਿਰਿਆ ਠੱਪ ਹੋ ਸਕਦੀ ਹੈ।
ਅਗਲੇ ਇਜਲਾਸ ਵਿੱਚ ਪੇਸ਼ ਹੋਵੇਗਾ ਬਿੱਲ
ਵਿਧਾਇਕ ਨੇ ਸਪੀਕਰ ਨੂੰ ਪੱਤਰ ਭੇਜ ਕੇ ਮਨਜ਼ੂਰੀ ਮੰਗੀ ਹੈ। ਜੇ ਮਨਜ਼ੂਰੀ ਮਿਲਦੀ ਹੈ, ਤਾਂ ਆਉਣ ਵਾਲੇ ਵਿਧਾਨ ਸਭਾ ਸੈਸ਼ਨ ਵਿੱਚ ਉਹ ਇਹ ਬਿੱਲ ਪੇਸ਼ ਕਰਨਗੇ। ਇਹ ਬਿੱਲ ਵਕੀਲਾਂ ਦੀ ਸੁਰੱਖਿਆ, ਸਨਮਾਨ ਅਤੇ ਅਦਾਲਤ ਵਿੱਚ ਕੰਮ ਕਰਨ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਘਟਾਉਣ ਲਈ ਬਣਾਇਆ ਗਿਆ ਹੈ।
ਵਕੀਲਾਂ ਤੇ ਹਮਲੇ ਰੋਕਣ ਦੀ ਜ਼ਰੂਰਤ
ਕੁਲਵੰਤ ਸਿੰਘ ਸਿੱਧੂ ਨੇ ਕਿਹਾ ਕਿ ਜਦੋਂ ਵਕੀਲਾਂ ‘ਤੇ ਹਮਲੇ ਹੁੰਦੇ ਹਨ, ਤਾਂ ਉਹਨਾਂ ਦਾ ਭਾਈਚਾਰਾ ਅਕਸਰ ਹੜਤਾਲ ਜਾਂ ਰੋਸ ਪ੍ਰਦਰਸ਼ਨ ਕਰਦਾ ਹੈ। ਇਸ ਨਾਲ ਨਿਆਂ ਦੇ ਕੰਮ ਵਿਚ ਰੁਕਾਵਟ ਪੈਂਦੀ ਹੈ। ਇਸ ਬਿੱਲ ਨਾਲ ਇਸ ਤਰ੍ਹਾਂ ਦੀਆਂ ਘਟਨਾਵਾਂ ਰੁਕਣ ਦੀ ਉਮੀਦ ਹੈ।