ਸ੍ਰੀ ਅੰਮ੍ਰਿਤਸਰ ਸਾਹਿਬ :- ਸ਼੍ਰੋਮਣੀ ਅਕਾਲੀ ਦਲ ਵੱਲੋਂ 6 ਸਤੰਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਟੇਟ ਜਨਰਲ ਡੈਲੀਗੇਟ ਇਜਲਾਸ ਸੱਦਿਆ ਗਿਆ ਹੈ। ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਇਸ ਮਹੱਤਵਪੂਰਨ ਇਜਲਾਸ ਦੀ ਅਗਵਾਈ ਕਰਨਗੇ।
ਪੰਜਾਬ ਅਤੇ ਹੋਰ ਸੂਬਿਆਂ ਤੋਂ ਡੈਲੀਗੇਟ ਹਾਜ਼ਰ
ਪਾਰਟੀ ਦੇ ਮੁੱਖ ਦਫ਼ਤਰ ਚੰਡੀਗੜ੍ਹ ਤੋਂ ਜਾਰੀ ਜਾਣਕਾਰੀ ਮੁਤਾਬਕ, ਇਸ ਇਜਲਾਸ ਵਿੱਚ ਪੰਜਾਬ ਭਰ ਤੋਂ ਸਟੇਟ ਡੈਲੀਗੇਟਾਂ ਦੇ ਨਾਲ-ਨਾਲ ਹੋਰ ਸੂਬਿਆਂ ਦੇ ਡੈਲੀਗੇਟ ਵੀ ਸ਼ਾਮਲ ਹੋਣਗੇ।
ਪਿਛਲੇ ਇਜਲਾਸ ਵਿੱਚ ਹੋਈ ਸੀ, ਪ੍ਰਧਾਨ ਦੀ ਚੋਣ
ਯਾਦ ਰਹੇ ਕਿ ਇਸੇ ਮਹੀਨੇ ਦੀ 11 ਅਗਸਤ ਨੂੰ ਹੋਏ ਜਨਰਲ ਇਜਲਾਸ ਦੌਰਾਨ ਪੰਥਕ ਕੌਂਸਲ ਦੇ ਚੇਅਰਪਰਸਨ ਸਮੇਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਸੀ। ਉਸ ਸਮੇਂ ਪਾਰਟੀ ਪ੍ਰਧਾਨ ਨੂੰ ਜੱਥੇਬੰਧਕ ਢਾਂਚੇ ਨੂੰ ਮਜ਼ਬੂਤ ਕਰਨ ਲਈ ਸਾਰੇ ਅਧਿਕਾਰ ਸੌਂਪ ਦਿੱਤੇ ਗਏ ਸਨ।
ਵਰਕਿੰਗ ਕਮੇਟੀ ਦੀ ਚੋਣ ਅਤੇ ਅਹਿਮ ਫੈਸਲੇ ਇਸ ਵਾਰ
ਗਿਆਨੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੰਵਿਧਾਨ ਮੁਤਾਬਕ ਵਰਕਿੰਗ ਕਮੇਟੀ ਦੀ ਚੋਣ ਅਤੇ ਕੁਝ ਹੋਰ ਅਹਿਮ ਫੈਸਲੇ ਸਿਰਫ਼ ਸਟੇਟ ਜਨਰਲ ਡੈਲੀਗੇਟ ਇਜਲਾਸ ਵਿੱਚ ਹੀ ਕੀਤੇ ਜਾ ਸਕਦੇ ਹਨ।
ਲੋਕਤੰਤਰਿਕ ਪ੍ਰਕਿਰਿਆ ਨੂੰ ਮਜ਼ਬੂਤ ਕਰਨ ‘ਤੇ ਜ਼ੋਰ
ਪਾਰਟੀ ਪ੍ਰਧਾਨ ਨੇ ਕਿਹਾ ਕਿ ਪਾਰਟੀ ਅੰਦਰ ਲੋਕਤੰਤਰਿਕ ਪ੍ਰਕਿਰਿਆ ਅਤੇ ਪੰਥਕ ਸਿਧਾਂਤਾਂ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।