ਅੰਮ੍ਰਿਤਸਰ :- ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ 40 ਦਿਨਾਂ ਲਈ ਜੇਲ੍ਹ ਤੋਂ ਬਾਹਰ ਆਉਣ ਦੀ ਇਜਾਜ਼ਤ ਮਿਲਣ ’ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਤਿੱਖਾ ਐਤਰਾਜ਼ ਜਤਾਇਆ ਹੈ। SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਸ ਫੈਸਲੇ ਨੂੰ ਨਿਆਂ ਦੇ ਅਸੂਲਾਂ ਦੇ ਖਿਲਾਫ਼ ਕਰਾਰ ਦਿੱਤਾ।
ਗੰਭੀਰ ਦੋਸ਼ਾਂ ਵਾਲੇ ਕੈਦੀ ਲਈ ਰਹਿਮ ਕਿਉਂ?
ਐਡਵੋਕੇਟ ਧਾਮੀ ਨੇ ਕਿਹਾ ਕਿ ਜਿਹੜਾ ਵਿਅਕਤੀ ਕਤਲ ਅਤੇ ਜਿਨਸੀ ਸ਼ੋਸ਼ਣ ਵਰਗੇ ਗੰਭੀਰ ਅਪਰਾਧਾਂ ’ਚ ਦੋਸ਼ੀ ਸਾਬਤ ਹੋ ਚੁੱਕਾ ਹੈ, ਉਸ ਨੂੰ ਮੁੜ ਮੁੜ ਪੈਰੋਲ ਦੇਣਾ ਸਮਾਜ ਲਈ ਗਲਤ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਅਜਿਹੇ ਫੈਸਲੇ ਕਾਨੂੰਨ ਦੀ ਸਖ਼ਤੀ ਨੂੰ ਕਮਜ਼ੋਰ ਕਰਦੇ ਹਨ।
ਪੀੜਤਾਂ ਦੇ ਦਰਦ ਨਾਲ ਸਮਝੌਤਾ – ਧਾਮੀ
SGPC ਪ੍ਰਧਾਨ ਅਨੁਸਾਰ ਪੈਰੋਲਾਂ ਦੀ ਇਹ ਲੜੀ ਉਹਨਾਂ ਪਰਿਵਾਰਾਂ ਨਾਲ ਅਨਿਆਇ ਹੈ, ਜੋ ਅਜੇ ਵੀ ਇਨਸਾਫ਼ ਦੀ ਉਡੀਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਦੋਸ਼ੀਆਂ ਨੂੰ ਵਾਰ ਵਾਰ ਛੂਟ ਮਿਲਦੀ ਹੈ ਤਾਂ ਨਿਆਂ ਪ੍ਰਣਾਲੀ ’ਤੇ ਸਵਾਲ ਖੜੇ ਹੋਣਾ ਲਾਜ਼ਮੀ ਹੈ।
ਸਿਆਸੀ ਰਿਆਇਤਾਂ ਖ਼ਤਰਨਾਕ ਰੁਝਾਨ
ਐਡਵੋਕੇਟ ਧਾਮੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰਾਂ ਨੇ ਸਿਆਸੀ ਹਿੱਤਾਂ ਦੇ ਚੱਲਦਿਆਂ ਦੋਸ਼ੀਆਂ ਨੂੰ ਵਿਸ਼ੇਸ਼ ਸੁਵਿਧਾਵਾਂ ਦਿੰਦੀਆਂ ਰਿਹਾਂ, ਤਾਂ ਲੋਕਾਂ ਦਾ ਕਾਨੂੰਨ ਤੋਂ ਵਿਸ਼ਵਾਸ ਉੱਠ ਜਾਣਾ ਨਿਸ਼ਚਿਤ ਹੈ।

