ਤਰਨਤਾਰਨ :- ਤਰਨਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਨੇ ਲਗਭਗ 12 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ, ਜਿਸ ਤੋਂ ਬਾਅਦ ਹਲਕੇ ਦਾ ਰਾਜਨੀਤਿਕ ਪਾਰਾ ਹੋਰ ਚੜ੍ਹ ਗਿਆ ਹੈ।
ਅਕਾਲੀ ਦਲ ਦੀ ਸੁਖਵਿੰਦਰ ਕੌਰ ਦੂਜੇ ਸਥਾਨ ‘ਤੇ ਰਹੀ, ਜਦਕਿ ਵਾਰਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ ਤੀਜੇ ਨੰਬਰ ‘ਤੇ ਰਹੇ।
ਅਰਸ਼ਦੀਪ ਕਲੇਰ ਦਾ ਭਾਰਾ ਦੋਸ਼ : “ਖਾਲਸਾ ਨੂੰ ਅਕਾਲੀ ਦਲ ਨੂੰ ਰੋਕਣ ਲਈ ਖੜ੍ਹਾਇਆ ਗਿਆ”
ਨਤੀਜਿਆਂ ਮਗਰੋਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਕਲੇਰ ਨੇ ਵੱਡਾ ਬਿਆਨ ਦਿੰਦਿਆਂ ਦਾਅਵਾ ਕੀਤਾ ਕਿ ਮਨਦੀਪ ਸਿੰਘ ਖਾਲਸਾ ਨੂੰ ‘ਏਜੰਸੀਆਂ ਦੇ ਇਸ਼ਾਰੇ ‘ਤੇ’ ਸਿਰਫ਼ ਅਕਾਲੀ ਦਲ ਨੂੰ ਹਰਾਾਉਣ ਲਈ ਮੈਦਾਨ ਵਿੱਚ ਉਤਾਰਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਖਾਲਸਾ ਨੇ ਵੀ ਇਸ ਗੱਲ ਨੂੰ ਮੰਨਿਆ ਹੈ ਕਿ ਜੇ ਉਹ ਚੋਣ ਨਹੀਂ ਲੜਦੇ, ਤਾਂ ਅਕਾਲੀ ਦਲ ਦੀ ਜਿੱਤ ਪੱਕੀ ਸੀ।
“ਲੋਕਾਂ ਦੀ ਕਚਹਿਰੀ ਵਿੱਚ ਅਸੀਂ ਜਿੱਤੇ ਹਾਂ” — ਅਕਾਲੀ ਬੁਲਾਰਾ
ਅਰਸ਼ਦੀਪ ਕਲੇਰ ਨੇ ਅੱਗੇ ਕਿਹਾ ਕਿ ਜੇਕਰ ਸਿਆਸੀ ਅੰਕੜੇ ਇੱਕ ਤਸਵੀਰ ਦਿਖਾਉਂਦੇ ਹਨ, ਤਾਂ ਲੋਕਾਂ ਦੀ ਅਦਾਲਤ ਇੱਕ ਵੱਖਰਾ ਫ਼ੈਸਲਾ ਸੁਣਾਉਂਦੀ ਹੈ।
ਉਨ੍ਹਾਂ ਦਾ ਦਾਅਵਾ ਸੀ ਕਿ ਪੰਥਕ ਹਲਕੇ ਵਜੋਂ ਤਰਨਤਾਰਨ ਨੇ ਵੱਡੇ ਸੁਨੇਹੇ ਭੇਜੇ ਹਨ—ਜੋ ਇਹ ਦਰਸਾਉਂਦੇ ਹਨ ਕਿ 2027 ਦੀਆਂ ਚੋਣਾਂ ‘ਚ ਲੋਕਾਂ ਦੀ ਪਹਿਲੀ ਪਸੰਦ ਅਜੇ ਵੀ ਅਕਾਲੀ ਦਲ ਹੀ ਹੈ।
ਉਨ੍ਹਾਂ ਕਿਹਾ ਕਿ “ਜਿਹੜੀਆਂ ਧਿਰਾਂ ਸਿਰਫ਼ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਚੋਣ ਲੜਦੀਆਂ ਹਨ, ਤਰਨਤਾਰਨ ਦੇ ਵੋਟਰਾਂ ਨੇ ਉਨ੍ਹਾਂ ਨੂੰ ਵੀ ਸਪੱਸ਼ਟ ਜਵਾਬ ਦੇ ਦਿੱਤਾ ਹੈ। ਪੰਥ ਦੀ ਅਦਾਲਤ ਵਿੱਚ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਕਬੂਲਯੋਗ ਹੈ।
ਦੂਜੇ ਹਲਕਿਆਂ ਦੇ ਉਦਾਹਰਨ ਵੀ ਗਿਣਾਏ
ਕਲੇਰ ਨੇ ਦੋਸ਼ ਲਗਾਇਆ ਕਿ ਜਿੱਥੇ ਗਿੱਦੜਬਾਹਾ, ਡੇਰਾ ਬਾਬਾ ਨਾਨਕ ਅਤੇ ਬਰਨਾਲਾ ’ਚ ਅਕਾਲੀ ਦਲ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਨੁਮਤੀ ਨਾ ਮਿਲਣ ਕਾਰਨ ਚੋਣ ਨਹੀਂ ਲੜੀ, ਉਹ ਧਿਰਾਂ, ਜਿਨ੍ਹਾਂ ਦਾ ਮੁੱਖ ਟੀਚਾ ਅਕਾਲੀ ਦਲ ਨੂੰ ਰੋਕਣਾ ਹੈ, ਉਨ੍ਹਾਂ ਨੇ ਵੀ ਉੱਥੇ ਉਮੀਦਵਾਰ ਨਹੀਂ ਖੜ੍ਹਾਇਆ—ਇਹ ਵੀ ਇਸ ਗੱਲ ਦਾ ਸੰਕੇਤ ਹੈ ਕਿ ਉਹ ਕਿਸ ਅਜੇਂਡੇ ’ਤੇ ਕੰਮ ਕਰਦੀਆਂ ਹਨ।
ਵਰਕਰਾਂ ਦਾ ਧੰਨਵਾਦ, ਹੌਸਲਾ ਬਰਕਰਾਰ
ਅਰਸ਼ਦੀਪ ਕਲੇਰ ਨੇ ਚੋਣ ਦੌਰਾਨ ਲੱਗੇ ਵਰਕਰਾਂ, ਪੰਥਕ ਲੀਡਰਸ਼ਿਪ ਅਤੇ ਸਮਰਥਕਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ
“ਜਨਤਾ ਨੇ ਜੋ ਸੁਨੇਹਾ ਦਿੱਤਾ ਹੈ, ਉਹ ਅਕਾਲੀ ਦਲ ਦੀ ਅਗਲੇ ਮੁਕਾਬਲੇ ਲਈ ਹੌਂਸਲਾ ਅਵਜਾਈ ਕਰਦਾ ਹੈ।”

