ਅੰਮ੍ਰਿਤਸਰ :- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 15 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਹੋਣ ਵਾਲੀ ਆਪਣੀ ਪੇਸ਼ੀ ਤੋਂ ਪਹਿਲਾਂ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਇੱਕ ਅਹਿਮ ਅਪੀਲ ਕੀਤੀ ਹੈ। ਸੀਐੱਮ ਮਾਨ ਨੇ ਕਿਹਾ ਹੈ ਕਿ ਜਦੋਂ ਉਹ ਸੰਗਤ ਸਾਹਮਣੇ ਆਪਣਾ ਸਪੱਸ਼ਟੀਕਰਨ ਰੱਖਣਗੇ, ਤਾਂ ਇਸ ਪੂਰੀ ਕਾਰਵਾਈ ਦਾ ਸਿੱਧਾ ਪ੍ਰਸਾਰਣ ਕੀਤਾ ਜਾਣਾ ਚਾਹੀਦਾ ਹੈ, ਤਾਂ ਜੋ ਦੁਨੀਆ ਭਰ ਦੇ ਸਿੱਖ ਹਰ ਪਲ ਦੀ ਜਾਣਕਾਰੀ ਨਾਲ ਜੁੜੇ ਰਹਿ ਸਕਣ।
ਸੋਸ਼ਲ ਮੀਡੀਆ ਰਾਹੀਂ ਰੱਖੀ ਗਈ ਭਾਵਨਾ
ਮੁੱਖ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਪੋਸਟ ਸਾਂਝੀ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਦੇਸ਼-ਵਿਦੇਸ਼ ਤੋਂ ਬਹੁਤ ਸਾਰੇ ਸੁਨੇਹੇ ਮਿਲ ਰਹੇ ਹਨ, ਜਿੱਥੇ ਸਿੱਖ ਸੰਗਤ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ ‘ਚ ਪੂਰੀ ਪਾਰਦਰਸ਼ਤਾ ਦੀ ਮੰਗ ਕਰ ਰਹੀ ਹੈ।
‘ਗੋਲਕ ਦੇ ਹਿਸਾਬ ਨਾਲ ਪੈਸੇ-ਪੈਸੇ ਦਾ ਸਪੱਸ਼ਟੀਕਰਨ’
ਸੀਐੱਮ ਮਾਨ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ 15 ਜਨਵਰੀ ਨੂੰ ਜਦੋਂ ਉਹ ਗੋਲਕ ਦੇ ਹਿਸਾਬ-ਕਿਤਾਬ ਸਮੇਤ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣਗੇ, ਤਾਂ ਇਹ ਸਭ ਕੁਝ ਲਾਈਵ ਦਿਖਾਇਆ ਜਾਣਾ ਚਾਹੀਦਾ ਹੈ, ਤਾਂ ਜੋ ਸੰਗਤਾਂ ਹਰ ਪਲ ਅਤੇ ਹਰ ਪੈਸੇ ਦੇ ਹਿਸਾਬ ਨਾਲ ਜੁੜੀਆਂ ਰਹਿਣ।
ਐਸਜੀਪੀਸੀ ਵੱਲੋਂ ਅਪੀਲ ‘ਤੇ ਇਤਰਾਜ਼
ਇਸ ਮਾਮਲੇ ‘ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਿੱਖੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਐਸਜੀਪੀਸੀ ਨੇ ਮੁੱਖ ਮੰਤਰੀ ਦੀ ਅਪੀਲ ‘ਤੇ ਸਪੱਸ਼ਟ ਇਤਰਾਜ਼ ਜਤਾਇਆ ਹੈ।
‘ਅਕਾਲ ਤਖ਼ਤ ਦੀ ਮਰਯਾਦਾ ‘ਤੇ ਸ਼ਰਤਾਂ ਨਹੀਂ’
ਐਸਜੀਪੀਸੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਤਲਬੀ ਜਨਤਕ ਇਤਰਾਜ਼ਾਂ ਤੋਂ ਬਾਅਦ ਹੋਈ ਹੈ ਅਤੇ ਇਸ ਮਾਮਲੇ ਨੂੰ ਰਾਜਨੀਤੀ ਨਾਲ ਜੋੜਨਾ ਠੀਕ ਨਹੀਂ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਜਾਣ ਸਮੇਂ ਕਿਸੇ ਕਿਸਮ ਦੀਆਂ ਸ਼ਰਤਾਂ ਰੱਖਣੀ ਮਰਯਾਦਾ ਦੇ ਖ਼ਿਲਾਫ਼ ਹੈ।
ਇਤਿਹਾਸਕ ਹੋਵੇਗੀ ਅਕਾਲ ਤਖ਼ਤ ਸਾਹਿਬ ਦੀ ਕਾਰਵਾਈ
ਐਸਜੀਪੀਸੀ ਨੇ ਦਾਅਵਾ ਕੀਤਾ ਕਿ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਕੀਤੇ ਜਾਣ ਵਾਲੇ ਦਸਤਾਵੇਜ਼ ਇਤਿਹਾਸਕ ਮਹੱਤਵ ਰੱਖਣਗੇ ਅਤੇ ਇਹ ਮਾਮਲਾ ਸਿਰਫ਼ ਪੰਥਕ ਮਰਯਾਦਾ ਦੇ ਅਧੀਨ ਹੀ ਨਿਪਟਾਇਆ ਜਾਣਾ ਚਾਹੀਦਾ ਹੈ।

