ਅੰਮ੍ਰਿਤਸਰ :- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਪੰਜਾਬ ਵਿਚ ਹੜ੍ਹਾਂ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ 1 ਕਰੋੜ ਰੁਪਏ ਜਾਰੀ ਕਰਨ ਦਾ ਐਲਾਨ ਕੀਤਾ ਹੈ। SGPC ਦੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਆਉਣ ਵਾਲੇ ਦਿਨਾਂ ‘ਚ ਹੋਰ 1 ਕਰੋੜ ਰੁਪਏ ਵੀ ਇਕੱਠੇ ਕਰਕੇ ਪੀੜਤਾਂ ਤੱਕ ਪਹੁੰਚਾਏ ਜਾਣਗੇ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਘਰ, ਰੋਜ਼ਗਾਰ ਤੇ ਸਮਾਨ ਗੁਆ ਬੈਠੇ ਲੋਕਾਂ ਨੂੰ ਵਕ਼ਤ ‘ਤੇ ਸਹਾਇਤਾ ਪਹੁੰਚਾਉਣਾ SGPC ਦੀ ਜ਼ਿੰਮੇਵਾਰੀ ਹੈ।
ਰਾਹਤ ਮੁਹਿੰਮ ਲਈ ਖ਼ਾਸ ਖਾਤਾ ਜਾਰੀ, ਪਾਰਦਰਸ਼ੀ ਤਰੀਕੇ ਨਾਲ ਹੋਵੇਗੀ ਸਹਾਇਤਾ ਦੀ ਵਰਤੋਂ
ਰਾਹਤ ਕਾਰਜ ਨੂੰ ਵਧਾਉਣ ਲਈ SGPC ਵੱਲੋਂ ਇੱਕ ਖ਼ਾਸ ਬੈਂਕ ਖਾਤਾ ਨੰਬਰ ਵੀ ਜਾਰੀ ਕੀਤਾ ਗਿਆ ਹੈ, ਜਿਸ ਰਾਹੀਂ ਦੇਸ਼ ਤੇ ਵਿਦੇਸ਼ ‘ਚ ਬੈਠੇ ਪੰਜਾਬੀ ਸਿੱਧੀ ਸੇਵਾ ਕਰ ਸਕਣਗੇ। ਧਾਮੀ ਨੇ ਕਿਹਾ, “ਪੰਜਾਬੀ ਕਦੇ ਵੀ ਕਿਸੇ ਮੁਸੀਬਤ ਦੇ ਸਮੇਂ ਪਿੱਛੇ ਨਹੀਂ ਰਹੇ। ਅਸੀਂ ਦੁਨੀਆ ਭਰ ਦੇ ਪੰਜਾਬੀਆਂ ਨੂੰ ਬੇਨਤੀ ਕਰਦੇ ਹਾਂ ਕਿ ਖੁੱਲ੍ਹੇ ਦਿਲ ਨਾਲ ਸਹਾਇਤਾ ਕਰੋ ਤਾਂ ਜੋ ਹਰ ਹੜ੍ਹ ਪੀੜਤ ਪਰਿਵਾਰ ਤੱਕ ਮਦਦ ਪਹੁੰਚ ਸਕੇ।” ਇਕੱਠੇ ਕੀਤੇ ਜਾ ਰਹੇ ਪੈਸੇ ਨਾਲ ਖੁਰਾਕ, ਦਵਾਈਆਂ ਅਤੇ ਬੇਘਰ ਲੋਕਾਂ ਦੀ ਮੁੜ ਵਸੇਬੇ ਲਈ ਪ੍ਰਬੰਧ ਕੀਤੇ ਜਾਣਗੇ। SGPC ਨੇ ਭਰੋਸਾ ਦਵਾਇਆ ਹੈ ਕਿ ਸਾਰੀ ਸਹਾਇਤਾ ਪੂਰੀ ਪਾਰਦਰਸ਼ਤਾ ਨਾਲ ਵਰਤੀ ਜਾਵੇਗੀ ਅਤੇ ਇਹ ਸੇਵਾ ਸਿੱਖ ਮਰਯਾਦਾ ਦੇ ਸਿਧਾਂਤਾਂ ਮੁਤਾਬਕ ਕੀਤੀ ਜਾਵੇਗੀ।