ਚੰਡੀਗੜ੍ਹ :- ਪੰਜਾਬ ਵਿੱਚ ਸਿਆਲ ਨੇ ਆਪਣਾ ਅਸਲ ਰੂਪ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਕਈ ਜ਼ਿਲ੍ਹਿਆਂ ਵਿੱਚ ਦਿਨ ਦਿਹਾੜੇ ਹਲਕੀ ਧੁੱਪ ਨਿਕਲਣ ਨਾਲ ਭਾਵੇਂ ਕੁਝ ਸਮੇਂ ਲਈ ਰਾਹਤ ਮਿਲੀ, ਪਰ ਮੌਸਮ ਵਿਭਾਗ ਨੇ ਸਾਫ਼ ਕਰ ਦਿੱਤਾ ਹੈ ਕਿ ਆਉਣ ਵਾਲੇ ਦਿਨ ਹੋਰ ਵੀ ਕਠਿਨ ਹੋਣ ਵਾਲੇ ਹਨ। ਵਿਭਾਗ ਅਨੁਸਾਰ ਤਾਪਮਾਨ ਵਿੱਚ ਲਗਾਤਾਰ ਗਿਰਾਵਟ ਜਾਰੀ ਰਹੇਗੀ ਅਤੇ ਠੰਡ ਹੋਰ ਤੀਖੀ ਹੋਣ ਦੇ ਆਸਾਰ ਹਨ।
ਕੋਲਡ ਵੇਵ ਤੇ ਸੰਘਣੇ ਕੋਹਰੇ ਦਾ ਓਰੇਂਜ ਅਲਰਟ
ਮੌਸਮ ਵਿਭਾਗ ਵੱਲੋਂ 6 ਅਤੇ 7 ਜਨਵਰੀ ਲਈ ਕੋਲਡ ਡੇ, ਕੋਲਡ ਵੇਵ ਅਤੇ ਬਹੁਤ ਸੰਘਣੇ ਕੋਹਰੇ ਨੂੰ ਲੈ ਕੇ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਅਨੁਮਾਨ ਹੈ ਕਿ ਇਹ ਮੌਸਮੀ ਹਾਲਾਤ 9 ਜਨਵਰੀ ਤੱਕ ਬਣੇ ਰਹਿ ਸਕਦੇ ਹਨ। ਇਸ ਦਾ ਸਿੱਧਾ ਅਸਰ ਦਿਨ ਦੇ ਤਾਪਮਾਨ ’ਤੇ ਵੀ ਪੈ ਰਿਹਾ ਹੈ, ਜੋ ਹੁਣ ਰਾਤਾਂ ਦੇ ਨਾਲ-ਨਾਲ ਤੇਜ਼ੀ ਨਾਲ ਡਿੱਗ ਰਿਹਾ ਹੈ।
ਕਿਹੜੇ ਜ਼ਿਲ੍ਹਿਆਂ ’ਚ ਰਹੇਗਾ ਘਣਾ ਕੋਹਰਾ
ਭਵਿੱਖਬਾਣੀ ਮੁਤਾਬਕ ਪਠਾਨਕੋਟ, ਗੁਰਦਾਸਪੁਰ, ਅੰਮ੍ਰਿਤਸਰ, ਤਰਨਤਾਰਨ, ਹੁਸ਼ਿਆਰਪੁਰ, ਨਵਾਂਸ਼ਹਿਰ, ਕਪੂਰਥਲਾ, ਜਲੰਧਰ, ਲੁਧਿਆਣਾ, ਸੰਗਰੂਰ, ਫਤਿਹਗੜ੍ਹ ਸਾਹਿਬ, ਰੂਪਨਗਰ, ਪਟਿਆਲਾ, ਮੋਹਾਲੀ ਅਤੇ ਮਲੇਰਕੋਟਲਾ ਵਿੱਚ ਕਈ ਥਾਵਾਂ ’ਤੇ ਦਿੱਖ ਬਹੁਤ ਘੱਟ ਰਹਿ ਸਕਦੀ ਹੈ। ਸਵੇਰ ਅਤੇ ਰਾਤ ਸਮੇਂ ਸੜਕਾਂ ’ਤੇ ਆਵਾਜਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ।
ਵੈਸਟਰਨ ਡਿਸਟਰਬੈਂਸ ਕਾਰਨ ਬਦਲਿਆ ਮੌਸਮ
ਮੌਸਮ ਵਿਭਾਗ ਨੇ ਦੱਸਿਆ ਕਿ ਉੱਤਰ-ਪੱਛਮੀ ਭਾਰਤ ’ਤੇ ਇਸ ਸਮੇਂ ਵੈਸਟਰਨ ਡਿਸਟਰਬੈਂਸ ਸਰਗਰਮ ਹੈ। ਪਹਾੜੀ ਇਲਾਕਿਆਂ ਤੋਂ ਵਗ ਰਹੀਆਂ ਠੰਢੀਆਂ ਹਵਾਵਾਂ ਪੰਜਾਬ ਦੇ ਮੈਦਾਨੀ ਖੇਤਰਾਂ ਤੱਕ ਪਹੁੰਚ ਕੇ ਠੰਡ ਨੂੰ ਹੋਰ ਵਧਾ ਰਹੀਆਂ ਹਨ।
ਤਾਪਮਾਨ ਆਮ ਨਾਲੋਂ ਕਾਫ਼ੀ ਹੇਠਾਂ
ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਔਸਤ ਤਾਪਮਾਨ ਵਿੱਚ ਕਰੀਬ 2 ਡਿਗਰੀ ਤੋਂ ਵੱਧ ਦੀ ਕਮੀ ਦਰਜ ਕੀਤੀ ਗਈ ਹੈ। ਇਸ ਵੇਲੇ ਤਾਪਮਾਨ ਆਮ ਨਾਲੋਂ ਲਗਭਗ 4 ਡਿਗਰੀ ਘੱਟ ਚੱਲ ਰਿਹਾ ਹੈ। ਹੁਸ਼ਿਆਰਪੁਰ ਸੂਬੇ ਦਾ ਸਭ ਤੋਂ ਠੰਡਾ ਇਲਾਕਾ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ। ਅੰਮ੍ਰਿਤਸਰ ਵਿੱਚ ਦਿਨ ਦੌਰਾਨ ਵੀ ਕੋਲਡ ਡੇ ਵਰਗੇ ਹਾਲਾਤ ਬਣੇ ਰਹੇ।
ਹੋਰ ਗਿਰੇਗਾ ਪਾਰਾ
ਮੌਸਮ ਮਾਹਿਰਾਂ ਦਾ ਅਨੁਮਾਨ ਹੈ ਕਿ ਅਗਲੇ ਦੋ ਦਿਨਾਂ ਵਿੱਚ ਤਾਪਮਾਨ ਹੋਰ 2 ਤੋਂ 3 ਡਿਗਰੀ ਤੱਕ ਡਿੱਗ ਸਕਦਾ ਹੈ। ਲੋਕਾਂ ਨੂੰ ਸਲਾਹ ਦਿੱਤੀ ਗਈ ਹੈ ਕਿ ਬਿਨਾਂ ਲੋੜ ਘਰੋਂ ਬਾਹਰ ਨਿਕਲਣ ਤੋਂ ਪਰਹੇਜ਼ ਕੀਤਾ ਜਾਵੇ ਅਤੇ ਬਜ਼ੁਰਗਾਂ ਤੇ ਬੱਚਿਆਂ ਦੀ ਵਿਸ਼ੇਸ਼ ਸਾਵਧਾਨੀ ਰੱਖੀ ਜਾਵੇ।

