ਚੰਡੀਗੜ੍ਹ :- ਪੰਜਾਬ ਵਿੱਚ ਹੱਡ ਚੀਰਵੀਂ ਠੰਢ ਨੇ ਲੋਕਾਂ ਦੀ ਰੋਜ਼ਮਰਰਾ ਜ਼ਿੰਦਗੀ ਪ੍ਰਭਾਵਿਤ ਕਰਨੀ ਸ਼ੁਰੂ ਕਰ ਦਿੱਤੀ ਹੈ। ਮੌਸਮ ਵਿਭਾਗ ਨੇ ਸੂਬੇ ਅਤੇ ਚੰਡੀਗੜ੍ਹ ਵਿੱਚ ਸੀਤ ਲਹਿਰ ਅਤੇ ਧੁੰਦ ਦੇ ਮੱਦੇਨਜ਼ਰ ਔਰੇਂਜ ਅਲਰਟ ਜਾਰੀ ਕੀਤਾ ਹੈ। ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਠੰਢ ਹੋਰ ਤੇਜ਼ ਹੋ ਸਕਦੀ ਹੈ ਅਤੇ ਧੁੰਦ ਦੀ ਸਮੱਸਿਆ ਵੀ ਵਧਣ ਦੀ ਸੰਭਾਵਨਾ ਹੈ।
ਰਾਤ ਤੋਂ ਬਾਅਦ ਦਿਨ ਦੇ ਤਾਪਮਾਨ ’ਚ ਵੀ ਗਿਰਾਵਟ
ਮੌਸਮ ਵਿਗਿਆਨੀਆਂ ਮੁਤਾਬਕ ਸਿਰਫ਼ ਰਾਤਾਂ ਹੀ ਨਹੀਂ, ਸਗੋਂ ਦਿਨ ਦੇ ਤਾਪਮਾਨ ਵਿੱਚ ਵੀ ਲਗਾਤਾਰ ਕਮੀ ਦਰਜ ਕੀਤੀ ਜਾ ਰਹੀ ਹੈ। ਪਿਛਲੇ 24 ਘੰਟਿਆਂ ਦੌਰਾਨ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 1.7 ਡਿਗਰੀ ਦੀ ਗਿਰਾਵਟ ਆਈ ਹੈ, ਜੋ ਆਮ ਨਾਲੋਂ ਕਰੀਬ 6 ਡਿਗਰੀ ਘੱਟ ਮਾਪਿਆ ਗਿਆ।
ਬਠਿੰਡਾ ਸਭ ਤੋਂ ਠੰਢਾ, ਅੰਮ੍ਰਿਤਸਰ ’ਚ ਕੋਲਡ ਡੇ
ਸੂਬੇ ਵਿੱਚ ਬਠਿੰਡਾ ਸਭ ਤੋਂ ਠੰਢਾ ਸ਼ਹਿਰ ਰਿਹਾ, ਜਿੱਥੇ ਘੱਟੋ-ਘੱਟ ਤਾਪਮਾਨ 4.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਅੰਮ੍ਰਿਤਸਰ ਵਿੱਚ ਮੌਸਮ ਵਿਭਾਗ ਵੱਲੋਂ ‘ਕੋਲਡ ਡੇ’ ਦੀ ਸਥਿਤੀ ਦਰਜ ਕੀਤੀ ਗਈ ਹੈ, ਜਿਸ ਨਾਲ ਠੰਢ ਦਾ ਅਸਰ ਹੋਰ ਵੀ ਜ਼ਿਆਦਾ ਮਹਿਸੂਸ ਕੀਤਾ ਗਿਆ।
ਕਈ ਜ਼ਿਲ੍ਹਿਆਂ ’ਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੀ ਸੰਭਾਵਨਾ
ਅੱਜ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਕਈ ਥਾਵਾਂ ’ਤੇ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਵਿੱਚ ਵੀ ਧੁੰਦ ਲੋਕਾਂ ਲਈ ਮੁਸ਼ਕਲਾਂ ਪੈਦਾ ਕਰ ਸਕਦੀ ਹੈ।
ਲੋਹੜੀ ਤੱਕ ਯੈਲੋ ਅਲਰਟ, ਮੀਂਹ ਦੀ ਕੋਈ ਸੰਭਾਵਨਾ ਨਹੀਂ
ਮੌਸਮ ਵਿਭਾਗ ਨੇ 13 ਜਨਵਰੀ, ਯਾਨੀ ਲੋਹੜੀ ਤੱਕ ਯੈਲੋ ਅਲਰਟ ਜਾਰੀ ਰੱਖਣ ਦੀ ਜਾਣਕਾਰੀ ਦਿੱਤੀ ਹੈ। ਇਸ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ ਅਤੇ ਮੀਂਹ ਬਾਰੇ ਫਿਲਹਾਲ ਕੋਈ ਵੀ ਚੇਤਾਵਨੀ ਜਾਂ ਅਨੁਮਾਨ ਜਾਰੀ ਨਹੀਂ ਕੀਤਾ ਗਿਆ।
ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ
ਮੌਸਮ ਵਿਭਾਗ ਨੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੇਵਜ੍ਹਾ ਸਵੇਰੇ ਤੇ ਰਾਤ ਸਮੇਂ ਘਰੋਂ ਬਾਹਰ ਨਿਕਲਣ ਤੋਂ ਬਚਣ ਅਤੇ ਧੁੰਦ ਦੌਰਾਨ ਵਾਹਨ ਚਲਾਉਂਦੇ ਸਮੇਂ ਖ਼ਾਸ ਸਾਵਧਾਨੀ ਵਰਤਣ।

