ਚੰਡੀਗੜ੍ਹ :- ਪੰਜਾਬ ਵਿੱਚ ਆਉਣ ਵਾਲੇ ਦਿਨਾਂ ਦੌਰਾਨ ਠੰਢ ਹੋਰ ਤੇਜ਼ ਹੋਣ ਦੀ ਸੰਭਾਵਨਾ ਦੇ ਮੱਦੇਨਜ਼ਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕਿਸਾਨਾਂ ਅਤੇ ਬਾਗਬਾਨਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਗਈ ਹੈ। ਯੂਨੀਵਰਸਿਟੀ ਨੇ ਕਿਹਾ ਹੈ ਕਿ ਲਗਾਤਾਰ ਘੱਟ ਤਾਪਮਾਨ ਫਸਲਾਂ ਅਤੇ ਪਸ਼ੂ ਧਨ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ ਹੈ।
ਤਾਪਮਾਨ ਆਮ ਤੋਂ ਹੇਠਾਂ, ਪਾਲੇ ਦੀ ਸੰਭਾਵਨਾ
ਪੀਏਯੂ ਦੇ ਮੌਸਮੀ ਤਬਦੀਲੀ ਅਤੇ ਖੇਤੀ ਮੌਸਮ ਵਿਗਿਆਨ ਵਿਭਾਗ ਦੀ ਮੁਖੀ ਡਾ. ਪੀ. ਕੇ. ਖਿੰਗਰਾ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੂਬੇ ਵਿੱਚ ਦਿਨ ਅਤੇ ਰਾਤ ਦੇ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤੇ ਜਾ ਰਹੇ ਹਨ। ਕਈ ਇਲਾਕਿਆਂ ਵਿੱਚ ਘੱਟੋ-ਘੱਟ ਤਾਪਮਾਨ 4 ਡਿਗਰੀ ਸੈਲਸੀਅਸ ਤੋਂ ਹੇਠਾਂ ਪਹੁੰਚ ਗਿਆ ਹੈ, ਜੋ ਕਿ ਸਖ਼ਤ ਸਰਦੀ ਦੀ ਸ਼ੁਰੂਆਤ ਵੱਲ ਇਸ਼ਾਰਾ ਕਰਦਾ ਹੈ।
ਘਣੀ ਧੁੰਦ ਤੇ ਪਾਲਾ ਫਸਲਾਂ ਲਈ ਖ਼ਤਰਾ
ਮੌਸਮ ਵਿਭਾਗ ਦੀ ਪੇਸ਼ਗੋਈ ਦੇ ਹਵਾਲੇ ਨਾਲ ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਤੇਜ਼ ਠੰਢੀ ਲਹਿਰ ਦੇ ਨਾਲ ਘਣੀ ਧੁੰਦ ਅਤੇ ਪਾਲਾ ਪੈਣ ਦੇ ਆਸਾਰ ਹਨ। ਇਸ ਤਰ੍ਹਾਂ ਦੀ ਸਥਿਤੀ ਖੇਤਾਂ ਵਿੱਚ ਲੱਗੀਆਂ ਫਸਲਾਂ, ਸਬਜ਼ੀਆਂ ਅਤੇ ਫਲਦਾਰ ਬਾਗਾਂ ‘ਤੇ ਮਾੜਾ ਅਸਰ ਪਾ ਸਕਦੀ ਹੈ।
ਸਬਜ਼ੀਆਂ ਤੇ ਨਵੇਂ ਬਾਗ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ
ਡਾ. ਖਿੰਗਰਾ ਅਨੁਸਾਰ ਖ਼ਾਸ ਕਰਕੇ ਸਬਜ਼ੀ ਫਸਲਾਂ ਅਤੇ ਨਵੇਂ ਲਗਾਏ ਗਏ ਬਾਗ ਪਾਲੇ ਅਤੇ ਠੰਢ ਨਾਲ ਜਲਦੀ ਨੁਕਸਾਨੀਦੇ ਹੋ ਸਕਦੇ ਹਨ। ਉਨ੍ਹਾਂ ਬਾਗਬਾਨਾਂ ਨੂੰ ਹਲਕੀ ਸਿੰਚਾਈ ਕਰਨ, ਮਲਚਿੰਗ ਵਰਤਣ ਅਤੇ ਉੱਤਰ-ਪੱਛਮੀ ਪਾਸੇ ਸੁਰੱਖਿਆ ਪਰਦੇ ਲਗਾਉਣ ਦੀ ਸਲਾਹ ਦਿੱਤੀ ਹੈ।
ਪਸ਼ੂ ਪਾਲਕਾਂ ਲਈ ਵੀ ਹਦਾਇਤਾਂ
ਯੂਨੀਵਰਸਿਟੀ ਨੇ ਡੇਅਰੀ ਕਿਸਾਨਾਂ ਨੂੰ ਵੀ ਅਲਰਟ ਕੀਤਾ ਹੈ। ਕਿਹਾ ਗਿਆ ਹੈ ਕਿ ਸਖ਼ਤ ਠੰਢ ਦੌਰਾਨ ਪਸ਼ੂਆਂ ਨੂੰ ਅੰਦਰ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਪੌਸ਼ਟਿਕ ਆਹਾਰ ਦਿੱਤਾ ਜਾਵੇ, ਤਾਂ ਜੋ ਸਰਦੀ ਕਾਰਨ ਬੀਮਾਰੀਆਂ ਤੋਂ ਬਚਾਵ ਹੋ ਸਕੇ।
ਕਿਸਾਨਾਂ ਨੂੰ ਨਿਗਰਾਨੀ ਤੇ ਤੁਰੰਤ ਕਦਮ ਚੁੱਕਣ ਦੀ ਅਪੀਲ
ਪੀਏਯੂ ਨੇ ਕਿਸਾਨ ਭਾਈਚਾਰੇ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਖੇਤਾਂ ਦੀ ਨਿਰੰਤਰ ਨਿਗਰਾਨੀ ਕਰਨ ਅਤੇ ਸਮੇਂ ਸਿਰ ਜ਼ਰੂਰੀ ਉਪਾਅ ਅਪਣਾਕੇ ਸੰਭਾਵਿਤ ਨੁਕਸਾਨ ਤੋਂ ਬਚਣ।

