ਚੰਡੀਗੜ੍ਹ :- ਪੰਜਾਬ ਯੂਨੀਵਰਸਿਟੀ (ਪੀ.ਯੂ.) ਵੱਲੋਂ ਸੈਨੇਟ ਚੋਣਾਂ ਦੇ ਆਯੋਜਨ ਲਈ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਵਾਈਸ ਚਾਂਸਲਰ ਪ੍ਰੋ. ਰੇਣੁ ਵਿਗ ਨੇ ਸਪੱਸ਼ਟ ਕੀਤਾ ਹੈ ਕਿ ਯੂਨੀਵਰਸਿਟੀ ਪੂਰੀ ਤਰ੍ਹਾਂ ਨਿਯਮਾਂ ਅਤੇ ਪ੍ਰਕਿਰਿਆਵਾਂ ਦੀ ਪਾਲਣਾ ਕਰਦਿਆਂ ਚੋਣਾਂ ਕਰਵਾਏਗੀ। ਇਹ ਐਲਾਨ ਉਨ੍ਹਾਂ ਨੇ ਇੰਡੀਆ ਇੰਟਰਨੈਸ਼ਨਲ ਸਾਇੰਸ ਫੈਸਟਿਵਲ (IISF-2025) ਦੇ ਕਰਟਨ ਰੇਜ਼ਰ ਸਮਾਗਮ ਦੌਰਾਨ ਮੀਡੀਆ ਨਾਲ ਗੱਲਬਾਤ ਕਰਦਿਆਂ ਕੀਤਾ।
ਭਾਰਤ ਸਰਕਾਰ ਦੇ ਨੋਟੀਫਿਕੇਸ਼ਨ ਅਨੁਸਾਰ ਹੋਣਗੀਆਂ ਚੋਣਾਂ
ਪ੍ਰੋ. ਵਿਗ ਨੇ ਦੱਸਿਆ ਕਿ ਯੂਨੀਵਰਸਿਟੀ ਨੇ ਸੈਨੇਟ ਚੋਣਾਂ ਲਈ ਭਾਰਤ ਸਰਕਾਰ ਦੇ ਸਿੱਖਿਆ ਮੰਤਰਾਲੇ ਵੱਲੋਂ 7 ਨਵੰਬਰ 2025 ਨੂੰ ਜਾਰੀ ਕੀਤੇ ਨੋਟੀਫਿਕੇਸ਼ਨ ਅਨੁਸਾਰ ਪ੍ਰਕਿਰਿਆ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਸਾਰੀ ਪ੍ਰਕਿਰਿਆ ਯੂਨੀਵਰਸਿਟੀ ਕੈਲੰਡਰ ਵਿੱਚ ਦਰਜ ਨਿਯਮਾਂ ਅਨੁਸਾਰ ਹੋਵੇਗੀ।
ਚਾਂਸਲਰ ਨੂੰ ਮਨਜ਼ੂਰੀ ਲਈ ਲਿਖਿਆ ਜਾਵੇਗਾ ਪੱਤਰ
ਵਾਈਸ ਚਾਂਸਲਰ ਨੇ ਕਿਹਾ ਕਿ ਸੈਨੇਟ ਚੋਣਾਂ ਦੀ ਕਾਰਵਾਈ ਦਾ ਪਹਿਲਾ ਕਦਮ ਚਾਂਸਲਰ ਅਤੇ ਉਪ ਰਾਸ਼ਟਰਪਤੀ ਜੀ ਨੂੰ ਮਨਜ਼ੂਰੀ ਲਈ ਲਿਖਣਾ ਹੈ। ਇਸ ਤੋਂ ਬਾਅਦ ਵੋਟਰ ਲਿਸਟ ਤਿਆਰ ਕੀਤੀ ਜਾਵੇਗੀ ਅਤੇ ਰਸਮੀ ਕਾਰਵਾਈਆਂ ਪੂਰੀਆਂ ਹੋਣ ਉਪਰੰਤ ਚੋਣਾਂ ਦੀ ਮਿਤੀ ਤੈਅ ਕਰਕੇ ਐਲਾਨ ਕੀਤੀ ਜਾਵੇਗੀ।
ਚੋਣ ਸ਼ਡਿਊਲ ਜਲਦ ਜਾਰੀ ਹੋਵੇਗਾ
ਪ੍ਰੋ. ਵਿਗ ਨੇ ਵਿਸ਼ਵਾਸ ਜਤਾਇਆ ਕਿ ਸੈਨੇਟ ਚੋਣਾਂ ਜਲਦ ਹੀ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਜਦੋਂ ਪੂਰੀ ਪ੍ਰਕਿਰਿਆ ਪੂਰੀ ਹੋ ਜਾਵੇਗੀ, ਯੂਨੀਵਰਸਿਟੀ ਚੋਣ ਸ਼ਡਿਊਲ ਦਾ ਅਧਿਕਾਰਕ ਐਲਾਨ ਕਰੇਗੀ।
ਪਾਰਦਰਸ਼ਤਾ ਤੇ ਨਿਯਮਾਂ ਦੀ ਪਾਲਣਾ ਦਾ ਭਰੋਸਾ
ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਹਮੇਸ਼ਾਂ ਹੀ ਪਾਰਦਰਸ਼ੀ ਪ੍ਰਕਿਰਿਆ ‘ਤੇ ਭਰੋਸਾ ਕਰਦੀ ਹੈ ਅਤੇ ਚੋਣਾਂ ਵਿੱਚ ਵੀ ਇਹੀ ਰਵੱਈਆ ਅਪਣਾਇਆ ਜਾਵੇਗਾ। “ਸਾਡੇ ਲਈ ਇਹ ਸਿਰਫ ਚੋਣਾਂ ਨਹੀਂ, ਸਿੱਖਿਆ ਸੰਸਥਾ ਵਿੱਚ ਲੋਕਤੰਤਰਕ ਮੂਲਾਂ ਦੀ ਰੱਖਿਆ ਦਾ ਮਾਮਲਾ ਹੈ,” ਉਨ੍ਹਾਂ ਕਿਹਾ।

