ਸੁਲਤਾਨਪੁਰ ਲੋਧੀ/ਕਪੂਰਥਲਾ/ਚੰਦਰਸ਼ੇਖਰ ਕਾਲੀਆ: ਖੇਤੀ ਵੰਨ ਸੁਵੰਨਤਾ, ਖੁਰਾਕੀ ਜਾਗਰੂਕਤਾ ਅਤੇ ਸਰੋੰ ਦੀਆਂ ਵਧੀਆਂ ਕੀਮਤਾਂ ਕਰਕੇ ਸਰੋੰ, ਰਾਇਆ ਅਤੇ ਤੋਰੀਆ ਹੇਠ ਰਕਬੇ ਵਿੱਚ 5 ਗੁਣਾ ਵਾਧਾ ਹੋਇਆ ਹੈ।
ਆਤਮਾ ਸਕੀਮ ਅਧੀਨ ਬੂੜੇਵਾਲ ਪਿੰਡ ਵਿੱਚ ਕਿਸਾਨ ਜੀਤ ਸਿੰਘ ਦੇ ਖੇਤਾਂ ਵਿੱਚ ਤੇਲ ਬੀਜ਼ ਪ੍ਰਦਸ਼ਨੀ ਪਲਾਟ ਦਾ ਨਿਰੀਖਣ ਕਰਨ ਆਏ ਖੇਤੀਬਾੜੀ ਵਿਕਾਸ ਅਫਸਰ ਡਾ. ਜਸਪਾਲ ਸਿੰਘ ਨੇ ਦੱਸਿਆ ਕਿ ਖਾਣ ਵਾਲਾ ਤੇਲ ਭਾਰਤੀ ਵਸੋਂ ਦੀ ਖੁਰਾਕ ਦਾ ਮਹੱਤਵਪੂਰਨ ਹਿੱਸਾ ਹੈ ਅਤੇ ਭਾਰਤ ਵਿੱਚ ਇਸਦੀ ਸਾਲਾਨਾ ਖਪਤ 18 ਕਿਲੋ ਪ੍ਰਤੀ ਵਿਅਕਤੀ ਹੈ। ਉਨਾਂ ਕਿਹਾ ਕਿ ਭਾਰਤ ਖਾਣ ਵਾਲੇ ਤੇਲ ਦਾ ਇੱਕ ਵੱਡਾ ਉਤਪਾਦਕ, ਖਪਤਕਾਰ ਅਤੇ ਬਰਾਮਦਕਰਤਾ ਹੈ।
ਉਹਨਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿੱਚ ਇਸ ਵਾਰ ਸਰੋਂ ਹੇਠ ਤਕਰੀਬਨ 1400 ਏਕੜ ਰਕਬਾ ਹੈ ਅਤੇ ਇਕੱਲੇ ਬੂੜੇਵਾਲ ਵਿੱਚ ਹੀ 74 ਏਕੜ ਰਕਬੇ ਵਿੱਚ ਤੋਰੀਆ ਬੀਜਿਆ ਗਿਆ ਹੈ।
ਉਹਨਾਂ ਦੱਸਿਆ ਕਿ ਮਾਰਕਿਟ ਵਿੱਚ ਖਾਣ ਵਾਲੇ ਤੇਲ ਦੇ ਭਾਅ ਉੱਚੇ ਹੋਣ ਕਰਕੇ, ਲੋਕਾਂ ਵਿੱਚ ਖੁਰਾਕ ਨੂੰ ਲੈ ਕੇ ਆਈ ਜਾਗਰੂਕਤਾ ਅਤੇ ਮਿਲਾਵਟ ਦੇ ਡਰ ਤੋਂ ਲੋਕ ਬਾਜ਼ਾਰ ਵਿੱਚੋਂ ਸਰੋਂ ਖਰੀਦਣ ਦੀ ਬਜਾਏ ਕਿਸਾਨਾਂ ਵੱਲੋਂ ਖੁਦ ਕਾਸ਼ਤ ਕਰਨ ਨੂੰ ਤਰਜੀਹ ਦੇਣਾ ਇੱਕ ਸਿਹਤਮੰਦ ਰੁਝਾਨ ਹੈ।
ਇਸ ਮੌਕੇ ਉਹਨਾਂ ਦਿਲਬਾਗ ਸਿੰਘ, ਦਲਬੀਰ ਸਿੰਘ, ਜਰਨੈਲ ਸਿੰਘ,ਸਰਵਣ ਸਿੰਘ, ਦਲਜੀਤ ਸਿੰਘ, ਅਵਤਾਰ ਸਿੰਘ ਦੀ ਫ਼ਸਲ ਦਾ ਨਿਰੀਖਣ ਕੀਤਾ ਅਤੇ ਲੋੜੀਦੇ ਸੁਝਾਅ ਦਿੱਤੇ। ਉਹਨਾਂ ਨਾਲ ਖੇਤੀਬਾੜੀ ਵਿਸਥਾਰ ਅਫਸਰ ਗੁਰਵਿੰਦਰ ਸਿੰਘ, ਏ ਟੀ ਐਮ ਮਨਜਿੰਦਰ ਸਿੰਘ ਅਤੇ ਹਰਜੋਤ ਸਿੰਘ ਮੌਜੂਦ ਸਨ