ਚੰਡੀਗੜ੍ਹ :- ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਅਤੇ ਉਸਦੇ ਦੋ ਵਿਚੋਲਿਆਂ ਨੂੰ ਅੱਜ ਚੰਡੀਗੜ੍ਹ ਸਥਿਤ ਸੀਬੀਆਈ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਸੀਬੀਆਈ ਵੱਲੋਂ ਤਿੰਨਾਂ ਦੇ ਰਿਮਾਂਡ ਦੀ ਮੰਗ ਕੀਤੀ ਜਾ ਰਹੀ ਹੈ। ਇਹ ਗ੍ਰਿਫ਼ਤਾਰੀ ਵੀਰਵਾਰ ਦੁਪਹਿਰ ਨੂੰ ਰਿਸ਼ਵਤਖੋਰੀ ਦੇ ਇੱਕ ਮਾਮਲੇ ‘ਚ ਕੀਤੀ ਗਈ ਸੀ।
52 ਮੈਂਬਰਾਂ ਦੀ ਸੀਬੀਆਈ ਟੀਮ ਨੇ ਰੰਗੇ ਹੱਥੀਂ ਕੀਤਾ ਗ੍ਰਿਫ਼ਤਾਰ
ਸੀਬੀਆਈ ਦੀ ਦਿੱਲੀ ਅਤੇ ਚੰਡੀਗੜ੍ਹ ਤੋਂ ਆਈ 52 ਮੈਂਬਰਾਂ ਦੀ ਵਿਸ਼ੇਸ਼ ਟੀਮ ਨੇ ਰੋਪੜ ਰੇਂਜ ਦੇ ਡੀ.ਆਈ.ਜੀ ਨੂੰ ਟਰੈਪ ਲਗਾ ਕੇ ਰੰਗੇ ਹੱਥੀਂ ਕਾਬੂ ਕੀਤਾ। ਗ੍ਰਿਫ਼ਤਾਰੀ ਤੋਂ ਬਾਅਦ ਅਧਿਕਾਰੀਆਂ ਨੇ ਉਸਦੇ ਮੋਹਾਲੀ ਦਫ਼ਤਰ ਅਤੇ ਚੰਡੀਗੜ੍ਹ ਦੇ ਸੈਕਟਰ 40 ਸਥਿਤ ਬੰਗਲੇ ਦੀ ਤਲਾਸ਼ੀ ਲਈ।
ਬੰਗਲੇ ਤੋਂ 7 ਕਰੋੜ ਰੁਪਏ ਨਕਦ, ਗਹਿਣੇ ਅਤੇ ਵਿਦੇਸ਼ੀ ਸ਼ਰਾਬ ਬਰਾਮਦ
ਤਲਾਸ਼ੀ ਦੌਰਾਨ ਸੀਬੀਆਈ ਟੀਮ ਨੇ ਡੀ.ਆਈ.ਜੀ ਦੇ ਬੰਗਲੇ ਵਿਚੋਂ ਲਗਭਗ 7 ਕਰੋੜ ਰੁਪਏ ਨਕਦ ਬਰਾਮਦ ਕੀਤੇ, ਜੋ ਕਿ ਤਿੰਨ ਬੈਗਾਂ ਅਤੇ ਦੋ ਬ੍ਰੀਫਕੇਸਾਂ ਵਿੱਚ ਭਰੇ ਹੋਏ ਸਨ। ਪੈਸਾ ਇੰਨਾ ਵੱਧ ਸੀ ਕਿ ਉਸਨੂੰ ਗਿਣਨ ਲਈ ਤਿੰਨ ਨੋਟ-ਗਿਣਨ ਵਾਲੀਆਂ ਮਸ਼ੀਨਾਂ ਮੰਗਵਾਉਣੀਆਂ ਪਈਆਂ।
ਇਸ ਤੋਂ ਇਲਾਵਾ ਘਰ ਵਿਚੋਂ ਲਗਜ਼ਰੀ ਘੜੀਆਂ, ਕੀਮਤੀ ਗਹਿਣੇ, ਵਿਦੇਸ਼ੀ ਸ਼ਰਾਬ ਦੀਆਂ ਬੋਤਲਾਂ ਅਤੇ ਇੱਕ ਰਿਵਾਲਵਰ ਵੀ ਬਰਾਮਦ ਕੀਤੀ ਗਈ।
ਸੀਬੀਆਈ ਨੂੰ ਮਿਲੀਆਂ ਜਾਇਦਾਦਾਂ ਤੇ ਲਗਜ਼ਰੀ ਕਾਰਾਂ ਦੇ ਦਸਤਾਵੇਜ਼
ਜਾਂਚ ਦੌਰਾਨ ਸੀਬੀਆਈ ਨੂੰ ਡੀ.ਆਈ.ਜੀ ਨਾਲ ਸਬੰਧਤ 15 ਜਾਇਦਾਦਾਂ ਅਤੇ ਕਈ ਮਹਿੰਗੀਆਂ ਗੱਡੀਆਂ ਦੇ ਦਸਤਾਵੇਜ਼ ਮਿਲੇ ਹਨ। ਉਸਦੇ ਘਰ ਤੋਂ ਇੱਕ ਬੀਐਮਡਬਲਯੂ, ਇੱਕ ਮਰਸੀਡੀਜ਼ ਕਾਰ ਅਤੇ ਬੈਂਕ ਲਾਕਰਾਂ ਦੀਆਂ ਚਾਬੀਆਂ ਵੀ ਜ਼ਬਤ ਕੀਤੀਆਂ ਗਈਆਂ ਹਨ। ਸੀਬੀਆਈ ਦੀ ਟੀਮ ਦੇਰ ਰਾਤ ਤੱਕ ਉਸਦੇ ਘਰ ਅਤੇ ਦਫਤਰ ਦੀ ਤਲਾਸ਼ੀ ਕਰਦੀ ਰਹੀ।
ਸਕ੍ਰੈਪ ਡੀਲਰ ਤੋਂ ਮੰਗੀ ਸੀ 8 ਲੱਖ ਰੁਪਏ ਰਿਸ਼ਵਤ
ਸੂਤਰਾਂ ਅਨੁਸਾਰ, ਡੀ.ਆਈ.ਜੀ ਭੁੱਲਰ ਨੇ ਆਪਣੇ ਵਿਚੋਲੇ ਰਾਹੀਂ ਮੰਡੀ ਗੋਬਿੰਦਗੜ੍ਹ ਦੇ ਇੱਕ ਸਕ੍ਰੈਪ ਕਾਰੋਬਾਰੀ ਤੋਂ 8 ਲੱਖ ਰੁਪਏ ਦੀ ਰਿਸ਼ਵਤ ਮੰਗੀ ਸੀ। ਜੇਕਰ ਕਾਰੋਬਾਰੀ ਰਿਸ਼ਵਤ ਨਾ ਦੇਵੇ, ਤਾਂ ਉਸਦੇ ਖ਼ਿਲਾਫ਼ ਪੁਰਾਣੇ ਕੇਸ ਦੀ ਚਾਰਜਸ਼ੀਟ ਤਿਆਰ ਕਰਨ ਅਤੇ ਨਵੇਂ ਫਰਜ਼ੀ ਕੇਸ ਦਰਜ ਕਰਨ ਦੀ ਧਮਕੀ ਦਿੱਤੀ ਗਈ ਸੀ।
ਕਾਰੋਬਾਰੀ ਦੀ ਸ਼ਿਕਾਇਤ ‘ਤੇ ਫੰਸਿਆ ਡੀ.ਆਈ.ਜੀ
ਕਾਰੋਬਾਰੀ ਨੇ ਸੀਬੀਆਈ ਕੋਲ ਇਸ ਬਾਰੇ ਸਰਕਾਰੀ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਏਜੰਸੀ ਨੇ ਪੂਰਾ ਟਰੈਪ ਪਲਾਨ ਤਿਆਰ ਕਰਕੇ ਡੀ.ਆਈ.ਜੀ ਨੂੰ ਰੰਗੇ ਹੱਥੀਂ ਕਾਬੂ ਕੀਤਾ।
ਹੁਣ ਸੀਬੀਆਈ ਵੱਲੋਂ ਭੁੱਲਰ ਦੀ ਅਗਲੀ ਪੁੱਛਗਿੱਛ ਤੇ ਜਾਇਦਾਦਾਂ ਦੀ ਜਾਂਚ ਲਈ ਰਿਮਾਂਡ ਮੰਗਿਆ ਜਾ ਰਿਹਾ ਹੈ।