ਸੰਗਰੂਰ :- ਪੰਜਾਬ ਭਰ ਵਿੱਚ ਨਸ਼ਿਆਂ ਅਤੇ ਗੁੰਡਾਗਰਦੀ ਦੀ ਲਹਿਰ ਲਗਾਤਾਰ ਫੈਲ ਰਹੀ ਹੈ। ਹਰ ਪਾਸੇ ਚੋਰੀਆਂ, ਡਕੈਤੀਆਂ ਅਤੇ ਕਤਲ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਨੌਜਵਾਨ ਨਸ਼ਿਆਂ ਦੀ ਲੱਤ ਵਿੱਚ ਗਰਕ ਹੋ ਕੇ ਅਪਰਾਧ ਵੱਲ ਵੱਧ ਰਹੇ ਹਨ। ਇਸ ਕਾਲੇ ਦੌਰ ਦੀ ਇੱਕ ਹੋਰ ਕੜੀ ਸੰਗਰੂਰ ਦੇ ਪਿੰਡ ਰਾਮਪੁਰਾ ਤੋਂ ਸਾਹਮਣੇ ਆਈ ਹੈ।
ਨਸ਼ੇੜੀ ਭਤੀਜੇ ਵੱਲੋਂ ਚਾਚੇ ਦਾ ਕਤਲ
ਪਿੰਡ ਰਾਮਪੁਰਾ ਵਿੱਚ ਇੱਕ ਨਸ਼ੇੜੀ ਭਤੀਜੇ ਨੇ ਆਪਣੇ ਹੀ ਚਾਚੇ, ਨਾਮੀ ਮਨੋਵਿਗਿਆਨ ਦੇ ਮਾਹਿਰ ਪਵਿੱਤਰ ਸਿੰਘ ਉਰਫ ਬਾਬਾ ਡੈਕ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਗੰਭੀਰ ਜ਼ਖਮੀ ਹਾਲਤ ਵਿੱਚ ਪਵਿੱਤਰ ਸਿੰਘ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ।
ਸਮਾਜ ਸੇਵੀ ਅਤੇ ਮਨੋਵਿਗਿਆਨ ਮਾਹਿਰ ਸਨ ਪਵਿੱਤਰ ਸਿੰਘ
ਪਵਿੱਤਰ ਸਿੰਘ ਖੁਦ ਅਪਾਹਜ ਸਨ ਅਤੇ ਵ੍ਹੀਲਚੇਅਰ ਦਾ ਸਹਾਰਾ ਲੈ ਕੇ ਆਪਣੀ ਜ਼ਿੰਦਗੀ ਬਿਤਾਉਂਦੇ ਸਨ। ਉਹ ਮਨੋਵਿਗਿਆਨ ਦੇ ਮਾਹਿਰ ਹੋਣ ਦੇ ਨਾਲ ਨਾਲ ਕੁਦਰਤ ਪ੍ਰੇਮੀ ਅਤੇ ਔਰਗੈਨਿਕ ਖੇਤੀ ਦੇ ਹਿਮਾਇਤੀ ਸਨ। ਲੋਕ ਉਨ੍ਹਾਂ ਨੂੰ ਬਾਬਾ ਡੈਕ ਦੇ ਨਾਮ ਨਾਲ ਜਾਣਦੇ ਸਨ ਅਤੇ ਉਨ੍ਹਾਂ ਦੀ ਇੱਜ਼ਤ ਨਾ ਸਿਰਫ਼ ਸੰਗਰੂਰ ਵਿੱਚ, ਸਗੋਂ ਪੂਰੇ ਪੰਜਾਬ ਵਿੱਚ ਸੀ।
ਪੈਸੇ ਦੀ ਮੰਗ ਬਣੀ ਕਤਲ ਦੀ ਵਜ੍ਹਾ
ਜਾਣਕਾਰੀ ਮੁਤਾਬਕ, ਹਮਲਾਵਰ ਨੌਜਵਾਨ ਪਵਿੱਤਰ ਸਿੰਘ ਦੇ ਵੱਡੇ ਭਰਾ ਹਰਕੀਰਤ ਸਿੰਘ ਦਾ ਪੁੱਤਰ ਸੀ ਅਤੇ ਨਸ਼ੇ ਦਾ ਆਦੀ ਸੀ। ਉਹ ਅਕਸਰ ਪਵਿੱਤਰ ਸਿੰਘ ਤੋਂ ਪੈਸੇ ਮੰਗਦਾ ਸੀ। ਹਮਲੇ ਵਾਲੇ ਦਿਨ ਵੀ ਉਸ ਨੇ ਪੈਸੇ ਦੀ ਮੰਗ ਕੀਤੀ, ਜੋ ਪੂਰੀ ਨਾ ਹੋਣ ’ਤੇ ਉਸ ਨੇ ਇਹ ਘਿਨੌਣਾ ਕਦਮ ਚੁੱਕ ਲਿਆ।
ਪਿੰਡ ਵਿੱਚ ਸੋਗ ਦੀ ਲਹਿਰ
ਸਾਬਕਾ ਸਰਪੰਚ ਅਤੇ ਇਲਾਕੇ ਦੇ ਲੋਕਾਂ ਨੇ ਦੱਸਿਆ ਕਿ ਪਵਿੱਤਰ ਸਿੰਘ ਮਨੋਵਿਗਿਆਨ ਦੀ ਸਿੱਖਿਆ ਦੇਣ ਨਾਲ ਨਾਲ ਲੋੜਵੰਦਾਂ ਦੀ ਮਦਦ ਕਰਦੇ ਸਨ। ਉਨ੍ਹਾਂ ਦੀ ਮੌਤ ਨਾਲ ਨਾ ਸਿਰਫ਼ ਸੰਗਰੂਰ ਜ਼ਿਲ੍ਹੇ, ਸਗੋਂ ਪੂਰੇ ਦੇਸ਼-ਵਿਦੇਸ਼ ਨੂੰ ਵੱਡਾ ਘਾਟਾ ਪਿਆ ਹੈ।
ਪਰਿਵਾਰਕ ਮੈਂਬਰਾਂ ਦਾ ਦੁੱਖ
ਉਨ੍ਹਾਂ ਵੱਲੋਂ ਗੋਦ ਲਈ ਗਈ ਲੜਕੀ ਨੇ ਕਿਹਾ ਕਿ ਬਚਪਨ ਤੋਂ ਹੀ ਉਹ ਪਵਿੱਤਰ ਸਿੰਘ ਦੇ ਨਾਲ ਰਹਿੰਦੀ ਸੀ ਅਤੇ ਉਨ੍ਹਾਂ ਨੇ ਕਦੇ ਵੀ ਕਿਸੇ ਤਕਲੀਫ਼ ਨੂੰ ਆਪਣੇ ਪਰਿਵਾਰ ’ਤੇ ਨਹੀਂ ਆਉਣ ਦਿੱਤਾ। ਅੱਜ ਉਨ੍ਹਾਂ ਦੇ ਚਲੇ ਜਾਣ ਨਾਲ ਪਰਿਵਾਰ ਲਈ ਬਹੁਤ ਵੱਡਾ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।