ਚੰਡੀਗੜ੍ਹ :- ਭਾਰਤੀ ਰਾਸ਼ਟਰੀ ਰਾਜਮਾਰਗ ਅਥਾਰਟੀ (NHAI) ਨੇ ਸੂਚਿਤ ਕੀਤਾ ਹੈ ਕਿ ਨੈਸ਼ਨਲ ਹਾਈਵੇ-07 (ਪੁਰਾਣਾ ਐੱਨ. ਐੱਚ.-64) ‘ਤੇ ਸਮਾਣਾ-ਭਾਖੜਾ ਮੁੱਖ ਨਹਿਰ ਪੁਲ ਦੇ ਵਿਸਥਾਰ ਜੋੜਾਂ ਵਿੱਚ ਖਰਾਬੀ ਪਾਈ ਗਈ ਹੈ। ਪੁਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਮੁਰੰਮਤ ਦੀ ਲੋੜ ਹੈ। ਇਸ ਕਾਰਨ, ਪੁਲ ਦਾ ਸੰਗਰੂਰ ਵੱਲ ਵਾਲਾ ਪਾਸਾ ਲਗਭਗ 2-3 ਹਫ਼ਤੇ ਲਈ ਵਾਹਨਾਂ ਲਈ ਬੰਦ ਰਹੇਗਾ। ਵਾਹਨ ਚਾਲਕਾਂ ਨੂੰ ਇਸ ਬਾਰੇ ਧਿਆਨ ਰੱਖਣ ਦੀ ਅਪੀਲ ਕੀਤੀ ਗਈ ਹੈ।
ਟ੍ਰੈਫਿਕ ਲਈ ਨਵਾਂ ਰੂਟ
ਸੰਗਰੂਰ ਤੋਂ ਆਉਣ ਵਾਲੇ ਵਾਹਨ ਪੁਰਾਣੇ ਐੱਨ. ਐੱਚ.-07 ਰਾਹੀਂ ਪਸਿਆਣਾ ਪੁਲਸ ਸਟੇਸ਼ਨ ਤੱਕ ਮੋੜੇ ਜਾਣਗੇ। ਇਸ ਤੋਂ ਬਾਅਦ, ਵਾਹਨ ਭਾਖੜਾ ਮੁੱਖ ਨਹਿਰ ਦੇ ਨਾਲ-ਨਾਲ ਪਟਿਆਲਾ-ਸਮਾਣਾ ਸੜਕ ਰਾਹੀਂ ਰਾਸ਼ਟਰੀ ਹਾਈਵੇ-07 ‘ਤੇ ਪੁਹੁੰਚੇਗਾ।
NHAI ਵੱਲੋਂ ਸੁਰੱਖਿਆ ਪ੍ਰਬੰਧ
NHAI ਦੇ ਨਿਗਰਾਨ ਇੰਜੀਨੀਅਰ ਅਭਿਸ਼ੇਕ ਚੌਹਾਨ ਨੇ ਦੱਸਿਆ ਕਿ ਸਾਈਟ ’ਤੇ ਰੋਡ ਮਾਰਸ਼ਲ ਤਾਇਨਾਤ ਕੀਤੇ ਜਾਣਗੇ। ਨਾਲ ਹੀ ਡਾਇਵਰਸ਼ਨ ਸਾਈਨੇਜ, ਸੁਰੱਖਿਆ ਕੋਨ ਅਤੇ ਰਿਫਲੈਕਟਿਵ ਟੇਪਿੰਗ ਲਗਾਈ ਜਾਵੇਗੀ, ਤਾਂ ਜੋ ਵਾਹਨਾਂ ਦੀ ਸੁਚਾਰੂ ਆਵਾਜਾਈ ਯਕੀਨੀ ਬਣਾਈ ਜਾ ਸਕੇ।
ਯਾਤਰੀਆਂ ਲਈ ਸਲਾਹ
ਇੰਜੀਨੀਅਰ ਨੇ ਪੁਲਸ ਨੂੰ ਵੀ ਬੇਨਤੀ ਕੀਤੀ ਹੈ ਕਿ ਮੁਰੰਮਤ ਦੌਰਾਨ ਟ੍ਰੈਫਿਕ ਪ੍ਰਬੰਧਨ ਸੁਚਾਰੂ ਰੱਖਣ ਲਈ ਲੋੜੀਂਦੇ ਟ੍ਰੈਫਿਕ ਮੁਲਾਜ਼ਮ ਤਾਇਨਾਤ ਕੀਤੇ ਜਾਣ। ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਡਾਇਵਰਸ਼ਨ ਯੋਜਨਾ ਦੀ ਪਾਲਣਾ ਕਰਨ ਅਤੇ ਸੁਰੱਖਿਆ ਲਈ ਅਥਾਰਟੀ ਨਾਲ ਸਹਿਯੋਗ ਕਰਨ।