ਗੁਰਦਾਸਪੁਰ :- ਸ਼ਹਿਰ ਦੇ ਇੱਕ ਪ੍ਰਸਿੱਧ ਨਿਜੀ ਹਸਪਤਾਲ ਵਿੱਚ ਉਸ ਵੇਲੇ ਤਣਾਅ ਪੈਦਾ ਹੋ ਗਿਆ ਜਦੋਂ 27 ਸਾਲਾ ਨੌਜਵਾਨ ਅਮਰਜੀਤ ਸਿੰਘ ਦੀ ਅਚਾਨਕ ਮੌਤ ਹੋ ਗਈ। ਮ੍ਰਿਤਕ ਪਿੰਡ ਬੇਰੀ ਦਾ ਰਹਿਣ ਵਾਲਾ ਸੀ। ਪਰਿਵਾਰ ਨੇ ਇਲਜ਼ਾਮ ਲਗਾਇਆ ਕਿ ਡਾਕਟਰਾਂ ਦੀ ਅਣਗਹਿਲੀ ਕਾਰਨ ਉਸਦੀ ਜਾਨ ਗਈ ਹੈ। ਉਨ੍ਹਾਂ ਦੇ ਮੁਤਾਬਕ, ਅਮਰਜੀਤ ਦੀ ਸਿਹਤ ਵਿੱਚ ਸੁਧਾਰ ਸੀ ਅਤੇ ਉਹ ਗੱਲਬਾਤ ਵੀ ਕਰ ਰਿਹਾ ਸੀ, ਪਰ ਜਦੋਂ ਛੁੱਟੀ ਦੀ ਗੱਲ ਕੀਤੀ ਗਈ ਤਾਂ ਕੁਝ ਹੀ ਦੇਰ ਬਾਅਦ ਉਸਦੀ ਹਾਲਤ ਬਿਗੜ ਗਈ। ਪਰਿਵਾਰ ਦਾ ਦਾਅਵਾ ਹੈ ਕਿ ਡਾਕਟਰ ਵੱਲੋਂ ਕੋਈ ਗਲਤ ਇੰਜੈਕਸ਼ਨ ਲਗਾਇਆ ਗਿਆ, ਜਿਸ ਕਾਰਨ ਹਾਲਤ ਸੰਭਾਲੀ ਨਾ ਜਾ ਸਕੀ ਅਤੇ ਮੌਤ ਹੋ ਗਈ।
ਹਸਪਤਾਲ ਪ੍ਰਬੰਧਨ ਨੇ ਪੁਲਿਸ ਨੂੰ ਬੁਲਾਇਆ
ਪਰਿਵਾਰ ਵੱਲੋਂ ਹੰਗਾਮਾ ਸ਼ੁਰੂ ਕਰਨ ‘ਤੇ ਹਸਪਤਾਲ ਪ੍ਰਬੰਧਨ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਕੁਝ ਸਮੇਂ ਬਾਅਦ ਭਾਰੀ ਪੁਲਿਸ ਫੋਰਸ ਸਮੇਤ ਥਾਣਾ ਸਿਟੀ ਦੇ ਐਸਐਚਓ ਦਵਿੰਦਰ ਪ੍ਰਕਾਸ਼ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਪਰਿਵਾਰ ਨੂੰ ਸਮਝਾ ਕੇ ਮਾਹੌਲ ਨੂੰ ਸ਼ਾਂਤ ਕੀਤਾ।
ਐਸਐਚਓ ਦਾ ਬਿਆਨ
ਐਸਐਚਓ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਪ੍ਰਬੰਧਕਾਂ ਨੇ ਇਸ ਡਰ ਨਾਲ ਬੁਲਾਇਆ ਸੀ ਕਿ ਪਰਿਵਾਰਕ ਮੈਂਬਰ ਹਸਪਤਾਲ ਵਿੱਚ ਤੋੜਫੋੜ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਸਮਝਾਇਆ ਗਿਆ ਹੈ ਕਿ ਜੇਕਰ ਉਨ੍ਹਾਂ ਨੂੰ ਕਿਸੇ ਕਿਸਮ ਦਾ ਸ਼ੱਕ ਹੈ ਤਾਂ ਉਹ ਲਿਖਤੀ ਸ਼ਿਕਾਇਤ ਦੇ ਸਕਦੇ ਹਨ, ਜਿਸ ‘ਤੇ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।