ਚੰਡੀਗੜ੍ਹ :- ਪੰਜਾਬ ਵਿੱਚ ਵਧ ਰਹੀਆਂ ਲੁੱਟਾਂ ਦੇ ਦਰਮਿਆਨ ਸੁਲਤਾਨਪੁਰ ਲੋਧੀ ਇਲਾਕੇ ਤੋਂ ਇਕ ਹੋਰ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ। ਦਿਨ ਦੇ ਸਮੇਂ ਲਗਭਗ 12:30 ਵਜੇ ਜਲੰਧਰ ਤੋਂ ਸੁਲਤਾਨਪੁਰ ਲੋਧੀ ਆ ਰਹੀ ਪੀਆਰਟੀਸੀ ਬੱਸ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਰਸਤੇ ਵਿੱਚ ਰੋਕ ਕੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਜਿਸ ਨਾਲ ਯਾਤਰੀਆਂ ਵਿੱਚ ਡਰ ਦਾ ਮਾਹੌਲ ਬਣ ਗਿਆ।
ਕਾਰ ਸਵਾਰਾਂ ਨੇ ਰਸਤਾ ਰੋਕ ਕੇ ਬੱਸ ’ਚ ਮਾਰੀ ਐਂਟਰੀ
ਡਰਾਈਵਰ ਪਵਿੱਤਰ ਸਿੰਘ ਅਤੇ ਕੰਡਕਟਰ ਮਲਕੀਤ ਸਿੰਘ ਦੇ ਮੁਤਾਬਕ, ਬੱਸ ਆਪਣੇ ਰੋਜ਼ਾਨਾ ਰੂਟ ’ਤੇ ਕੁਲਾਰਾਂ ਨੇੜੇ ਪਹੁੰਚੀ ਤਾਂ ਇਕ ਚਿੱਟੀ ਪੁਰਾਣੀ ਕਾਰ, ਜਿਸ ਵਿੱਚ 3 ਤੋਂ 4 ਵਿਅਕਤੀ ਸਵਾਰ ਸਨ, ਨੇ ਅਚਾਨਕ ਬੱਸ ਦਾ ਰਸਤਾ ਰੋਕ ਲਿਆ। ਇਸ ਤੋਂ ਬਾਅਦ ਦੋ ਵਿਅਕਤੀ ਹਥਿਆਰ ਲੈ ਕੇ ਬੱਸ ਵਿੱਚ ਚੜ੍ਹ ਗਏ।
ਕੰਡਕਟਰ ਤੋਂ ਨਕਦੀ ਖੋਹ ਕੇ ਦਿੱਤੀਆਂ ਧਮਕੀਆਂ
ਬੱਸ ਵਿੱਚ ਦਾਖ਼ਲ ਹੋਣ ਮਗਰੋਂ ਦੋਸ਼ੀਆਂ ਨੇ ਦਾਤਰ ਦੇ ਜ਼ੋਰ ’ਤੇ ਕੰਡਕਟਰ ਨੂੰ ਡਰਾਇਆ ਅਤੇ ਉਸਦੇ ਬੈਗ ਵਿਚੋਂ ਕਰੀਬ 800 ਤੋਂ 900 ਰੁਪਏ ਨਕਦ ਖੋਹ ਲਏ। ਵਾਰਦਾਤ ਦੌਰਾਨ ਇੱਕ ਵਿਅਕਤੀ ਨੇ ਆਪਣੀ ਪਛਾਣ ਦੱਸਦਿਆਂ ਸਟਾਫ ਨੂੰ ਚੁੱਪ ਰਹਿਣ ਲਈ ਵੀ ਧਮਕਾਇਆ।
ਵਾਰਦਾਤ ਮਗਰੋਂ ਫਰਾਰ, ਪੁਲਿਸ ਵੱਲੋਂ ਜਾਂਚ ਸ਼ੁਰੂ
ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਸਾਰੇ ਦੋਸ਼ੀ ਮੌਕੇ ਤੋਂ ਫਰਾਰ ਹੋ ਗਏ। ਬੱਸ ਸਟਾਫ ਵੱਲੋਂ ਤੁਰੰਤ ਨੇੜਲੇ ਪੁਲਿਸ ਚੌਂਕੀ ਵਿੱਚ ਪਹੁੰਚ ਕੇ ਲਿਖਤੀ ਸ਼ਿਕਾਇਤ ਦਿੱਤੀ ਗਈ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਾਰ ਦੀ ਪਛਾਣ ਕਰਕੇ ਦੋਸ਼ੀਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਲੋਕਾਂ ’ਚ ਡਰ ਦਾ ਮਾਹੌਲ, ਸੁਰੱਖਿਆ ’ਤੇ ਸਵਾਲ
ਇਸ ਤਾਜ਼ਾ ਘਟਨਾ ਨਾਲ ਇਲਾਕੇ ਦੇ ਲੋਕਾਂ ਵਿੱਚ ਡਰ ਵਧ ਗਿਆ ਹੈ ਅਤੇ ਕਾਨੂੰਨ-ਵਿਵਸਥਾ ’ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਦਿਨ ਦਿਹਾੜੇ ਹੋ ਰਹੀਆਂ ਅਜਿਹੀਆਂ ਵਾਰਦਾਤਾਂ ਨਾਲ ਸੁਰੱਖਿਆ ਪ੍ਰਬੰਧਾਂ ਦੀ ਹਕੀਕਤ ਸਾਹਮਣੇ ਆ ਰਹੀ ਹੈ।

