ਚੰਡੀਗੜ੍ਹ :- ਪੌਂਗ ਡੈਮ ਵਿੱਚ ਪਾਣੀ ਦੇ ਵਧਦੇ ਪੱਧਰ ਨੇ ਸ਼ੁੱਕਰਵਾਰ ਨੂੰ ਬੀ.ਬੀ.ਐੱਮ.ਬੀ. ਅਤੇ ਪੰਜਾਬ ਸਰਕਾਰ ਦੀ ਚਿੰਤਾ ਵਧਾ ਦਿੱਤੀ। ਤਕਨੀਕੀ ਕਮੇਟੀ ਵੱਲੋਂ ਸਪਸ਼ਟ ਕੀਤਾ ਗਿਆ ਕਿ ਹੜ੍ਹਾਂ ਲਈ ਸਿਰਫ਼ ਡੈਮ ਜ਼ਿੰਮੇਵਾਰ ਨਹੀਂ ਹਨ, ਸਗੋਂ ਇਸ ਸਾਲ ਪਾਣੀ ਦਾ ਪ੍ਰਵਾਹ 2023 ਦੇ ਮੁਕਾਬਲੇ 20 ਪ੍ਰਤੀਸ਼ਤ ਤੋਂ ਵੱਧ ਹੈ। ਨਦੀਆਂ-ਨਾਲਿਆਂ ਦੀ ਸਮੇਂ ਸਿਰ ਸਫਾਈ ਅਤੇ ਬੰਨ੍ਹਾਂ ਦੀ ਮੁਰੰਮਤ ਨਾ ਹੋਣਾ ਵੀ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ।
ਪਾਣੀ ਦੇ ਪੱਧਰ ਵਿੱਚ ਰਿਕਾਰਡ ਵਾਧਾ
ਪੌਂਗ, ਰਣਜੀਤ ਸਾਗਰ ਅਤੇ ਭਾਖੜਾ ਡੈਮ ਤਿੰਨੋਂ ਹੀ ਖ਼ਤਰੇ ਦੇ ਨਿਸ਼ਾਨ ‘ਤੇ ਹਨ। ਪੌਂਗ ਡੈਮ ਵਿੱਚ ਸ਼ੁੱਕਰਵਾਰ ਨੂੰ ਇਕ ਲੱਖ ਕਿਊਸਿਕ ਤੋਂ ਵੱਧ ਪਾਣੀ ਦੀ ਆਮਦ ਦਰਜ ਕੀਤੀ ਗਈ ਅਤੇ ਇੰਨੀ ਹੀ ਮਾਤਰਾ ਛੱਡਣੀ ਪਈ। ਭਾਖੜਾ ਡੈਮ ਦੇ ਚਾਰ ਫਲੱਡ ਗੇਟਾਂ ਤੋਂ ਲਗਾਤਾਰ ਦੂਜੇ ਦਿਨ ਵੀ 85 ਹਜ਼ਾਰ ਕਿਊਸਿਕ ਪਾਣੀ ਛੱਡਿਆ ਗਿਆ, ਜਿਸ ਨਾਲ ਪਾਣੀ ਦਾ ਪੱਧਰ ਸਿਰਫ਼ 0.31 ਫੁੱਟ ਹੀ ਘਟ ਸਕਿਆ।
ਰਣਜੀਤ ਸਾਗਰ ਡੈਮ ਦੀ ਸਥਿਤੀ
ਰਣਜੀਤ ਸਾਗਰ ਡੈਮ ਦਾ ਪਾਣੀ ਪੱਧਰ ਸ਼ੁੱਕਰਵਾਰ ਨੂੰ 526.39 ਮੀਟਰ ਦਰਜ ਕੀਤਾ ਗਿਆ, ਜੋ ਪਿਛਲੇ ਸਾਲ ਇਸੇ ਦਿਨ ਨਾਲੋਂ ਕਾਫ਼ੀ ਵੱਧ ਹੈ। ਡੈਮ ਦਾ ਭੰਡਾਰ ਖ਼ਤਰੇ ਦੇ ਨਿਸ਼ਾਨ ਤੋਂ ਕੇਵਲ 0.039 ਮੀਟਰ ਦੂਰ ਹੈ। ਸ਼ੁੱਕਰਵਾਰ ਨੂੰ ਡੈਮ ਵਿੱਚ 49,025 ਕਿਊਸਿਕ ਪਾਣੀ ਦੀ ਆਮਦ ਅਤੇ 70,657 ਕਿਊਸਿਕ ਪਾਣੀ ਦੀ ਰਵਾਨਗੀ ਦਰਜ ਕੀਤੀ ਗਈ।
ਮੌਸਮ ਵਿਭਾਗ ਦਾ ਚੇਤਾਵਨੀ ਭਰਿਆ ਅਲਰਟ
6 ਤੋਂ 8 ਸਤੰਬਰ ਤੱਕ ਪੰਜਾਬ ਸਮੇਤ ਉੱਤਰੀ ਭਾਰਤ ਦੇ ਪਹਾੜੀ ਇਲਾਕਿਆਂ ‘ਚ ਭਾਰੀ ਮੀਂਹ ਦੀ ਸੰਭਾਵਨਾ ਜ਼ਾਹਰ ਕੀਤੀ ਗਈ ਹੈ। ਜੇ ਇਹ ਅਨੁਮਾਨ ਸਹੀ ਨਿਕਲਿਆ ਤਾਂ ਡੈਮਾਂ ਦੇ ਭੰਡਾਰਾਂ ਵਿੱਚ ਪਾਣੀ ਦਾ ਪ੍ਰਵਾਹ ਹੋਰ ਵਧੇਗਾ। ਇਸ ਸਥਿਤੀ ਵਿੱਚ ਹੜ੍ਹ ਗੇਟ ਖੋਲ੍ਹਣ ਦੀ ਸਮਰੱਥਾ ਵਧਾਉਣੀ ਪਵੇਗੀ, ਜਿਸ ਨਾਲ ਮੈਦਾਨੀ ਇਲਾਕੇ ਪ੍ਰਭਾਵਿਤ ਹੋ ਸਕਦੇ ਹਨ।
ਪੌਂਗ ਡੈਮ ਦਾ ਗ੍ਰਾਫ ਦਿਖਾਉਂਦਾ ਚੜ੍ਹਦਾ ਪਾਣੀ
ਪੌਂਗ ਡੈਮ ਵਿੱਚ ਸ਼ੁੱਕਰਵਾਰ ਨੂੰ 1,05,950 ਕਿਊਸਿਕ ਪਾਣੀ ਦੀ ਆਮਦ ਅਤੇ 99,763 ਕਿਊਸਿਕ ਪਾਣੀ ਦੀ ਰਵਾਨਗੀ ਹੋਈ। ਸਵੇਰੇ 7 ਵਜੇ ਤੋਂ ਦੁਪਹਿਰ 1 ਵਜੇ ਤੱਕ ਪਾਣੀ ਦਾ ਪੱਧਰ 1394.72 ਫੁੱਟ ਤੋਂ 1394.78 ਫੁੱਟ ਤੱਕ ਪਹੁੰਚ ਗਿਆ।