ਤਰਨਤਾਰਨ :- ਤਰਨਤਾਰਨ ਜ਼ਿਲ੍ਹੇ ਦੇ ਸਬ ਡਵੀਜ਼ਨ ਪੱਟੀ ਵਿੱਚ ਮਾਲ ਵਿਭਾਗ ਦੀ ਕਾਰਗੁਜ਼ਾਰੀ ਗੰਭੀਰ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਵਿਭਾਗ ਅੰਦਰ ਪਟਵਾਰੀਆਂ ਅਤੇ ਕਾਨੂੰਗੋਆਂ ਦੀ ਭਾਰੀ ਘਾਟ ਕਾਰਨ ਸਰਕਾਰੀ ਕੰਮਕਾਜ ਲਗਭਗ ਠੱਪ ਹੋ ਚੁੱਕਾ ਹੈ। ਹਾਲਾਤ ਇਥੋਂ ਤੱਕ ਪਹੁੰਚ ਗਏ ਹਨ ਕਿ ਕਈ ਪਟਵਾਰ ਖਾਨਿਆਂ ਵਿੱਚ ਪ੍ਰਾਈਵੇਟ ਕਰਿੰਦੇ ਸਾਰਾ ਕੰਮ ਸੰਭਾਲ ਰਹੇ ਹਨ, ਜਿਸ ਨਾਲ ਪ੍ਰਸ਼ਾਸਨਕ ਪਾਰਦਰਸ਼ਤਾ ਉੱਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ।
ਪੰਜ ਕਾਨੂੰਗੋ ਸਰਕਲ, ਦੋ ਅਜੇ ਵੀ ਖਾਲੀ
ਪੱਟੀ ਸਬ ਡਵੀਜ਼ਨ ਅਧੀਨ ਕੁੱਲ ਪੰਜ ਕਾਨੂੰਗੋ ਸਰਕਲ—ਪੱਟੀ, ਘਰਿਆਲਾ, ਕੋਟਬੁੱਢਾ, ਸਭਰਾ ਅਤੇ ਖੇਮਕਰਨ—ਆਉਂਦੇ ਹਨ। ਇਨ੍ਹਾਂ ਵਿੱਚੋਂ ਇਸ ਸਮੇਂ ਸਿਰਫ਼ ਤਿੰਨ ਥਾਵਾਂ ’ਤੇ ਹੀ ਕਾਨੂੰਗੋ ਤਾਇਨਾਤ ਹਨ, ਜਦਕਿ ਦੋ ਅਹਿਮ ਅਸਾਮੀਆਂ ਅਜੇ ਵੀ ਖਾਲੀ ਪਈਆਂ ਹਨ।
54 ਪਟਵਾਰ ਸਰਕਲ, ਪਰ ਤਾਇਨਾਤੀ ਸਿਰਫ਼ 19 ’ਚ
ਇਨ੍ਹਾਂ ਪੰਜ ਸਰਕਲਾਂ ਹੇਠ ਕੁੱਲ 54 ਪਟਵਾਰ ਸਰਕਲ ਆਉਂਦੇ ਹਨ, ਪਰ ਹੈਰਾਨੀਜਨਕ ਤੱਥ ਇਹ ਹੈ ਕਿ ਸਿਰਫ਼ 19 ਸਰਕਲਾਂ ਵਿੱਚ ਹੀ ਪਟਵਾਰੀ ਤਾਇਨਾਤ ਹਨ। ਬਾਕੀ ਦੇ 35 ਸਰਕਲ ਪੂਰੀ ਤਰ੍ਹਾਂ ਖਾਲੀ ਹਨ, ਜਿਸ ਦਾ ਸਿੱਧਾ ਅਸਰ ਕਿਸਾਨਾਂ ਅਤੇ ਆਮ ਲੋਕਾਂ ’ਤੇ ਪੈ ਰਿਹਾ ਹੈ।
ਇੱਕ ਪਟਵਾਰੀ ਕੋਲ ਚਾਰ-ਪੰਜ ਪਿੰਡਾਂ ਦਾ ਵਾਧੂ ਭਾਰ
ਵਿਭਾਗ ਵੱਲੋਂ ਕੁਝ ਪਟਵਾਰੀਆਂ ਨੂੰ ਚਾਰ-ਚਾਰ ਤੇ ਪੰਜ-ਪੰਜ ਪਿੰਡਾਂ ਦਾ ਵਾਧੂ ਚਾਰਜ ਤਾਂ ਦਿੱਤਾ ਗਿਆ ਹੈ, ਪਰ ਜਮੀਨੀ ਹਕੀਕਤ ਇਹ ਹੈ ਕਿ ਉਹ ਅਕਸਰ ਉਨ੍ਹਾਂ ਪਿੰਡਾਂ ਵਿੱਚ ਮੌਜੂਦ ਨਹੀਂ ਮਿਲਦੇ। ਨਤੀਜੇ ਵਜੋਂ ਫਰਦ, ਇੰਤਕਾਲ, ਗਿਰਦਾਵਰੀ ਅਤੇ ਜਮਾਬੰਦੀ ਵਰਗੇ ਜ਼ਰੂਰੀ ਕੰਮ ਲਟਕੇ ਪਏ ਹਨ।
ਪਟਵਾਰੀਆਂ ਦੇ ਨਿੱਜੀ ਦਫ਼ਤਰ, ਪਬਲਿਕ ਮਜਬੂਰ
ਜਸਵਿੰਦਰ ਸਿੰਘ, ਬਲਵਿੰਦਰ ਸਿੰਘ, ਪ੍ਰਗਟ ਸਿੰਘ, ਸਤਨਾਮ ਸਿੰਘ, ਹਰਜੀਤ ਸਿੰਘ ਅਤੇ ਕਾਬਲ ਸਿੰਘ ਸਮੇਤ ਕਈ ਨਾਗਰਿਕਾਂ ਦਾ ਦੋਸ਼ ਹੈ ਕਿ ਕਈ ਪਟਵਾਰੀਆਂ ਨੇ ਸਰਕਾਰੀ ਦਫ਼ਤਰਾਂ ਦੀ ਥਾਂ ਆਪਣੇ ਨਿੱਜੀ ਦਫ਼ਤਰ ਬਣਾ ਲਏ ਹਨ। ਸਰਕਾਰੀ ਪਟਵਾਰ ਖਾਨਿਆਂ ਵਿੱਚ ਪਟਵਾਰੀ ਨਾ ਮਿਲਣ ’ਤੇ ਲੋਕਾਂ ਨੂੰ ਪ੍ਰਾਈਵੇਟ ਕਰਿੰਦਿਆਂ ਕੋਲ ਜਾਣ ਲਈ ਮਜਬੂਰ ਕੀਤਾ ਜਾਂਦਾ ਹੈ।
ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ: ਗੁਰਮਹਾਵੀਰ ਸਿੰਘ ਸੰਧੂ
ਸਰਹਾਲੀ ਤੋਂ ਸਾਬਕਾ ਚੇਅਰਮੈਨ ਗੁਰਮਹਾਵੀਰ ਸਿੰਘ ਸੰਧੂ ਨੇ ਕਿਹਾ ਕਿ ਕਈ ਦਫ਼ਤਰਾਂ ਵਿੱਚ ਪੂਰਾ ਰਿਕਾਰਡ ਪ੍ਰਾਈਵੇਟ ਕਰਿੰਦਿਆਂ ਦੇ ਕਬਜ਼ੇ ਵਿੱਚ ਹੈ। ਇੰਤਕਾਲ ਤੋਂ ਲੈ ਕੇ ਜਮਾਬੰਦੀ ਤੱਕ ਦੀ ਡੀਲਿੰਗ ਉਹੀ ਕਰ ਰਹੇ ਹਨ, ਜੋ ਬਹੁਤ ਖਤਰਨਾਕ ਰੁਝਾਨ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਖਾਲੀ ਅਸਾਮੀਆਂ ਤੁਰੰਤ ਭਰੀਆਂ ਜਾਣ।
ਲੈਂਡ ਮਾਫੀਆ ਦੇ ਖਤਰੇ ਵੱਲ ਇਸ਼ਾਰਾ: ਕਾਮਰੇਡ ਮਹਾਵੀਰ ਗਿੱਲ
ਕਾਮਰੇਡ ਮਹਾਵੀਰ ਸਿੰਘ ਗਿੱਲ ਨੇ ਕਿਹਾ ਕਿ ਮਾਲ ਵਿਭਾਗ ਸਿੱਧੇ ਤੌਰ ’ਤੇ ਲੋਕਾਂ ਦੀ ਜਾਇਦਾਦ ਅਤੇ ਪਰਿਵਾਰਕ ਜੀਵਨ ਨਾਲ ਜੁੜਿਆ ਹੋਇਆ ਹੈ। ਜੇਕਰ ਰਿਕਾਰਡ ਪ੍ਰਾਈਵੇਟ ਹੱਥਾਂ ਵਿੱਚ ਰਿਹਾ ਤਾਂ ਲੈਂਡ ਮਾਫੀਆ ਅਤੇ ਰਾਜਨੀਤਕ ਗਠਜੋੜ ਦਾ ਖਤਰਾ ਹੋਰ ਵਧ ਸਕਦਾ ਹੈ।
ਰੁਜ਼ਗਾਰ ਦੇ ਦਾਅਵੇ, ਪਰ ਮੈਦਾਨ ਵਿੱਚ ਉਲਟ ਹਕੀਕਤ: ਹਰਪ੍ਰੀਤ ਸਿੰਘ ਸੰਧੂ
ਪੀਪੀਸੀਸੀ ਮੈਂਬਰ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਸਰਕਾਰ ਰੁਜ਼ਗਾਰ ਦੇ ਵੱਡੇ ਦਾਅਵੇ ਕਰ ਰਹੀ ਹੈ, ਪਰ ਹਕੀਕਤ ਵਿੱਚ ਇੱਕ-ਇੱਕ ਪਟਵਾਰੀ ਉੱਤੇ ਕਈ ਸਰਕਲਾਂ ਦਾ ਬੋਝ ਪਾਇਆ ਗਿਆ ਹੈ। ਜੇ ਸਰਕਾਰ ਸੱਚਮੁੱਚ ਕਿਸਾਨ ਪੱਖੀ ਹੈ ਤਾਂ ਪਟਵਾਰੀ ਅਤੇ ਕਾਨੂੰਗੋ ਦੀ ਤੁਰੰਤ ਭਰਤੀ ਕਰਨੀ ਚਾਹੀਦੀ ਹੈ।
ਜਨਤਾ ਦੀ ਉਡੀਕ—ਸਰਕਾਰ ਕਦੋਂ ਲਵੇਗੀ ਸੰਜੀਦਾ ਨੋਟਿਸ?
ਪੱਟੀ ਸਬ ਡਵੀਜ਼ਨ ਵਿੱਚ ਮਾਲ ਵਿਭਾਗ ਦੀ ਇਹ ਹਾਲਤ ਸਿਰਫ਼ ਪ੍ਰਸ਼ਾਸਨਕ ਨਾਕਾਮੀ ਹੀ ਨਹੀਂ, ਸਗੋਂ ਆਮ ਲੋਕਾਂ ਲਈ ਰੋਜ਼ਾਨਾ ਦੀ ਪਰੇਸ਼ਾਨੀ ਬਣ ਚੁੱਕੀ ਹੈ। ਹੁਣ ਵੇਖਣਾ ਇਹ ਹੈ ਕਿ ਸਰਕਾਰ ਇਸ ਗੰਭੀਰ ਮੁੱਦੇ ’ਤੇ ਕਦੋਂ ਅਤੇ ਕਿਵੇਂ ਕਾਰਵਾਈ ਕਰਦੀ ਹੈ।

