ਚੰਡੀਗੜ੍ਹ :- ਪੰਜਾਬ ਸਰਕਾਰ ਵੱਲੋਂ ਕੰਮਕਾਜੀ ਵਰਗ ਨੂੰ ਵੱਡੀ ਰਾਹਤ ਦਿੰਦਿਆਂ ਘੱਟੋ-ਘੱਟ ਮਜ਼ਦੂਰੀ ਦਰਾਂ ਵਿੱਚ ਵਾਧਾ ਕਰਨ ਦਾ ਐਲਾਨ ਕੀਤਾ ਗਿਆ ਹੈ। ਕਿਰਤ ਵਿਭਾਗ ਨੇ ਇਕ ਸਰਕੂਲਰ ਰਾਹੀਂ ਇਹ ਨਵੀਆਂ ਦਰਾਂ ਨਿਰਧਾਰਤ ਕੀਤੀਆਂ ਹਨ, ਜੋ ਸੂਬੇ ਦੇ ਕਾਰਖਾਨਿਆਂ, ਨਗਰ ਕੌਂਸਲਾਂ ਅਤੇ ਨਗਰ ਨਿਗਮਾਂ ਵਿੱਚ ਕੰਮ ਕਰਨ ਵਾਲੇ ਕਰਮਚਾਰੀਆਂ ’ਤੇ ਲਾਗੂ ਹੋਣਗੀਆਂ।
ਅਨਸਕਿੱਲਡ ਤੋਂ ਹਾਈ ਸਕਿੱਲਡ ਤੱਕ ਵਧੀਆਂ ਦਰਾਂ
ਨਵੇਂ ਹੁਕਮਾਂ ਅਨੁਸਾਰ ਹੁਣ ਅਨਸਕਿੱਲਡ ਵਰਕਰਾਂ, ਜਿਵੇਂ ਚਪੜਾਸੀ, ਚੌਂਕੀਦਾਰ ਅਤੇ ਹੈਲਪਰ ਆਦਿ ਲਈ ਮਹੀਨਾਵਾਰ ਘੱਟੋ-ਘੱਟ ਮਜ਼ਦੂਰੀ 11,726.40 ਰੁਪਏ ਤੈਅ ਕੀਤੀ ਗਈ ਹੈ। ਸੈਮੀ ਸਕਿੱਲਡ ਵਰਗ, ਜਿਸ ਵਿੱਚ 10 ਸਾਲ ਦਾ ਤਜਰਬਾ ਰੱਖਣ ਵਾਲੇ ਅਨਸਕਿੱਲਡ ਕਰਮਚਾਰੀ ਜਾਂ ਨਵੇਂ ਆਈ.ਟੀ.ਆਈ. ਡਿਪਲੋਮਾ ਧਾਰਕ ਸ਼ਾਮਲ ਹਨ, ਉਨ੍ਹਾਂ ਲਈ 12,506.40 ਰੁਪਏ ਨਿਰਧਾਰਤ ਕੀਤੇ ਗਏ ਹਨ।
ਸਕਿੱਲਡ ਕਰਮਚਾਰੀਆਂ, ਜਿਵੇਂ ਲੁਹਾਰ, ਇਲੈਕਟ੍ਰੀਸ਼ਨ ਆਦਿ, ਜਿਨ੍ਹਾਂ ਕੋਲ ਸੈਮੀ ਸਕਿੱਲਡ ਅਹੁਦੇ ’ਤੇ ਘੱਟੋ-ਘੱਟ ਪੰਜ ਸਾਲ ਦਾ ਤਜਰਬਾ ਹੈ, ਉਨ੍ਹਾਂ ਨੂੰ ਹੁਣ 13,403.40 ਰੁਪਏ ਮਿਲਣਗੇ। ਇਸ ਤੋਂ ਇਲਾਵਾ ਹਾਈ ਸਕਿੱਲਡ ਵਰਗ, ਜਿਸ ਵਿੱਚ ਤਕਨੀਕੀ ਗ੍ਰੈਜੂਏਟ, ਟਰੱਕ ਅਤੇ ਕ੍ਰੇਨ ਡਰਾਈਵਰ ਸ਼ਾਮਲ ਹਨ, ਉਨ੍ਹਾਂ ਲਈ ਮਜ਼ਦੂਰੀ 14,435.40 ਰੁਪਏ ਤੈਅ ਕੀਤੀ ਗਈ ਹੈ।
ਸਟਾਫ਼ ਕੈਟੇਗਰੀਆਂ ਲਈ ਵੀ ਨਵੀਂ ਤਨਖ਼ਾਹ ਸੂਚੀ
ਸਰਕਾਰ ਵੱਲੋਂ ਸਟਾਫ਼ ਵਰਗ ਲਈ ਵੀ ਮਜ਼ਦੂਰੀ ਦਰਾਂ ਵਿੱਚ ਸੋਧ ਕੀਤੀ ਗਈ ਹੈ। ਕੈਟੇਗਰੀ-ਏ, ਜਿਸ ਵਿੱਚ ਪੋਸਟ ਗ੍ਰੈਜੂਏਟ ਅਤੇ ਐਮ.ਬੀ.ਏ. ਆਦਿ ਸ਼ਾਮਲ ਹਨ, ਉਨ੍ਹਾਂ ਲਈ 16,896.40 ਰੁਪਏ ਮਹੀਨਾਵਾਰ ਤਨਖ਼ਾਹ ਨਿਰਧਾਰਤ ਕੀਤੀ ਗਈ ਹੈ। ਕੈਟੇਗਰੀ-ਬੀ (ਗ੍ਰੈਜੂਏਟ) ਲਈ ਇਹ ਦਰ 15,226.40 ਰੁਪਏ ਰੱਖੀ ਗਈ ਹੈ।
ਇਸੇ ਤਰ੍ਹਾਂ ਕੈਟੇਗਰੀ-ਸੀ, ਜਿਸ ਵਿੱਚ ਅੰਡਰ ਗ੍ਰੈਜੂਏਟ ਕਰਮਚਾਰੀ ਆਉਂਦੇ ਹਨ, ਉਨ੍ਹਾਂ ਲਈ 13,726.40 ਰੁਪਏ ਅਤੇ ਕੈਟੇਗਰੀ-ਡੀ (10ਵੀਂ ਪਾਸ) ਲਈ 12,526.40 ਰੁਪਏ ਘੱਟੋ-ਘੱਟ ਤਨਖ਼ਾਹ ਤੈਅ ਕੀਤੀ ਗਈ ਹੈ।
ਕਿਰਤ ਵਰਗ ’ਚ ਸੰਤੋਸ਼, ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਦੇ ਨਿਰਦੇਸ਼
ਕਿਰਤ ਵਿਭਾਗ ਨੇ ਸਾਰੇ ਸੰਬੰਧਤ ਅਧਿਕਾਰੀਆਂ ਨੂੰ ਹੁਕਮ ਦਿੱਤੇ ਹਨ ਕਿ ਨਵੀਆਂ ਮਜ਼ਦੂਰੀ ਦਰਾਂ ਦੀ ਪੂਰੀ ਪਾਲਣਾ ਯਕੀਨੀ ਬਣਾਈ ਜਾਵੇ। ਸਰਕਾਰ ਦੇ ਇਸ ਫੈਸਲੇ ਨਾਲ ਮਜ਼ਦੂਰ ਵਰਗ ਵਿੱਚ ਸੰਤੋਸ਼ ਦੀ ਲਹਿਰ ਵੇਖੀ ਜਾ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਨਾਲ ਉਨ੍ਹਾਂ ਦੀ ਆਰਥਿਕ ਸਥਿਤੀ ਵਿੱਚ ਕੁਝ ਸੁਧਾਰ ਆਵੇਗਾ।

