ਚੰਡੀਗੜ੍ਹ :- ਪੰਜਾਬ ਵਿੱਚ ਆਏ ਭਿਆਨਕ ਹੜ੍ਹਾਂ ਦੇ ਮੱਦੇਨਜ਼ਰ, ਰਿਲਾਇੰਸ ਵੱਲੋਂ ਸੂਬੇ ਦੇ ਪ੍ਰਭਾਵਿਤ ਲੋਕਾਂ ਦੀ ਮਦਦ ਲਈ 10-ਸੂਤਰੀ ਰਾਹਤ ਕਾਰਜਕ੍ਰਮ ਲਾਂਚ ਕੀਤਾ ਗਿਆ ਹੈ। ਰਿਲਾਇੰਸ ਦੀ ਟੀਮ ਸੂਬਾ ਪ੍ਰਸ਼ਾਸਨ, ਪੰਚਾਇਤਾਂ ਅਤੇ ਸਥਾਨਕ ਹਿੱਸੇਦਾਰਾਂ ਨਾਲ ਮਿਲ ਕੇ ਅੰਮ੍ਰਿਤਸਰ ਅਤੇ ਸੁਲਾਤਪੁਰ ਲੋਧੀ ਦੇ ਪਿੰਡਾਂ ਵਿੱਚ ਜ਼ਮੀਨੀ ਪੱਧਰ ‘ਤੇ ਕੰਮ ਕਰ ਰਹੀ ਹੈ। ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਡਾਇਰੈਕਟਰ ਅਨੰਤ ਅੰਬਾਨੀ ਨੇ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਰਿਲਾਇੰਸ ਪੰਜਾਬ ਦੇ ਲੋਕਾਂ ਦੇ ਨਾਲ ਖੜ੍ਹਾ ਹੈ ਅਤੇ ਭੋਜਨ, ਪਾਣੀ, ਆਸਰਾ ਕਿੱਟਾਂ ਅਤੇ ਲੋਕਾਂ ਅਤੇ ਜਾਨਵਰਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।
ਭੋਜਨ ਅਤੇ ਆਸਰਾ ਸਹਾਇਤਾ
10,000 ਸਭ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਭੋਜਨ ਸਪਲਾਈ ਅਤੇ ਸੁੱਕਾ ਰਾਸ਼ਨ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। 1,000 ਸਭ ਤੋਂ ਕਮਜ਼ੋਰ ਪਰਿਵਾਰਾਂ ਨੂੰ ਖਾਸ ਕਰਕੇ ਇਕੱਲੀਆਂ ਔਰਤਾਂ ਅਤੇ ਬਜ਼ੁਰਗਾਂ ਦੀ ਅਗਵਾਈ ਵਾਲੇ ਪਰਿਵਾਰਾਂ ਨੂੰ 5,000 ਰੁਪਏ ਦੀ ਵਾਊਚਰ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਬੇਘਰ ਪਰਿਵਾਰਾਂ ਲਈ ਤਰਪਾਲ, ਗਰਾਊਂਡਸ਼ੀਟਾਂ, ਮੱਛਰਦਾਨੀ, ਰੱਸੀਆਂ ਅਤੇ ਐਮਰਜੈਂਸੀ ਬਿਸਤਰੇ ਵਾਲੀਆਂ ਕਿੱਟਾਂ ਦਿੱਤੀਆਂ ਗਈਆਂ ਹਨ। ਪਾਣੀ ਭਰੇ ਖੇਤਰਾਂ ਵਿੱਚ ਪੋਰਟੇਬਲ ਵਾਟਰ ਫਿਲਟਰ ਲਗਾ ਕੇ ਪੀਣ ਵਾਲੇ ਪਾਣੀ ਦੀ ਯਕੀਨੀ ਸਪਲਾਈ ਕਰਵਾਈ ਜਾ ਰਹੀ ਹੈ।
ਸਿਹਤ ਅਤੇ ਪਸ਼ੂਧਨ ਸਹਾਇਤਾ
ਹੜ੍ਹ ਤੋਂ ਬਾਅਦ ਬਿਮਾਰੀਆਂ ਦੇ ਫੈਲਣ ਨੂੰ ਰੋਕਣ ਲਈ ਸਿਹਤ ਜਾਗਰੂਕਤਾ ਸੈਸ਼ਨ ਅਤੇ ਸਫਾਈ ਕਿੱਟਾਂ ਦੀ ਵੰਡ ਕੀਤੀ ਜਾ ਰਹੀ ਹੈ। ਪਸ਼ੂਆਂ ਦੀ ਦੇਖਭਾਲ ਲਈ ਰਿਲਾਇੰਸ ਫਾਊਂਡੇਸ਼ਨ ਅਤੇ ਵੰਤਾਰਾ, ਪਸ਼ੂ ਪਾਲਣ ਵਿਭਾਗ ਦੇ ਸਹਿਯੋਗ ਨਾਲ ਦਵਾਈਆਂ, ਟੀਕੇ ਅਤੇ ਸਹਾਇਤਾ ਕੈਂਪ ਸਥਾਪਤ ਕਰ ਰਹੇ ਹਨ। 5,000 ਪਸ਼ੂਆਂ ਨੂੰ ਸਾਈਲੇਜ ਬੰਡਲ ਦਿੱਤੇ ਜਾ ਰਹੇ ਹਨ, ਜਦੋਂ ਕਿ ਮਰੇ ਹੋਏ ਜਾਨਵਰਾਂ ਦੇ ਸਤਿਕਾਰਯੋਗ ਵਿਗਿਆਨਕ ਸਸਕਾਰ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ।
ਰਿਲਾਇੰਸ ਫਾਊਂਡੇਸ਼ਨ, ਨੀਤਾ ਐਮ. ਅੰਬਾਨੀ ਦੀ ਅਗਵਾਈ ਹੇਠ, ਪੇਂਡੂ ਵਿਕਾਸ, ਸਿਹਤ, ਸਿੱਖਿਆ, ਆਫ਼ਤ ਪ੍ਰਬੰਧਨ ਅਤੇ ਸਮਾਜਿਕ ਭਲਾਈ ਦੇ ਕੰਮਾਂ ਵਿੱਚ ਨਿਰੰਤਰ ਮਿਹਨਤ ਕਰ ਰਹੀ ਹੈ। ਇਸ ਕਾਰਜਕ੍ਰਮ ਨਾਲ ਸੂਬੇ ਦੇ ਹਜ਼ਾਰਾਂ ਪਰਿਵਾਰਾਂ ਦੀ ਜ਼ਿੰਦਗੀ ਮੁੜ ਲੀਹ ‘ਤੇ ਆ ਰਹੀ ਹੈ।