ਚੰਡੀਗੜ੍ਹ :- ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਰਾਵੀ ਨਦੀ ਦੇ ਵਧਦੇ ਪਾਣੀ ਨੇ ਸੁਰੱਖਿਆ ਵਿਵਸਥਾ ਨੂੰ ਗੰਭੀਰ ਝਟਕਾ ਦਿੱਤਾ ਹੈ। ਤੀਬਰ ਵਹਾਅ ਕਾਰਨ 30 ਕਿਲੋਮੀਟਰ ਲੰਬੀ ਕੰਡਿਆਲੀ ਤਾਰ ਵਹਿ ਗਈ ਹੈ ਅਤੇ ਕਈ ਸੁਰੱਖਿਆ ਬੰਨ੍ਹ ਟੁੱਟ ਗਏ ਹਨ। ਇਸ ਕੁਦਰਤੀ ਆਫ਼ਤ ਨੇ ਸਰਹੱਦ ਨੂੰ ਅਸੁਰੱਖਿਅਤ ਕਰ ਦਿੱਤਾ ਹੈ, ਜਿਸਦਾ ਤਸਕਰਾਂ ਵੱਲੋਂ ਫਾਇਦਾ ਚੁਕਣ ਦੀ ਕੋਸ਼ਿਸ਼ ਕੀਤੀ ਗਈ।
30–40 ਚੌਕੀਆਂ ਪਾਣੀ ਹੇਠ, ਜਾਨੀ ਨੁਕਸਾਨ ਨਹੀਂ
BSF ਪੰਜਾਬ ਫਰੰਟੀਅਰ ਦੇ ਡੀਆਈਜੀ ਏ.ਕੇ. ਵਿਦਿਆਰਥੀ ਅਨੁਸਾਰ ਗੁਰਦਾਸਪੁਰ ਖੇਤਰ ਵਿੱਚ 30 ਤੋਂ 40 ਚੌਕੀਆਂ ਪਾਣੀ ਵਿੱਚ ਸਮਾ ਗਈਆਂ ਹਨ। ਹਾਲਾਂਕਿ, ਸਾਰੇ ਸੈਨਿਕਾਂ ਅਤੇ ਉਪਕਰਣਾਂ ਨੂੰ ਸੁਰੱਖਿਅਤ ਕੱਢ ਲਿਆ ਗਿਆ ਹੈ ਅਤੇ ਕੋਈ ਜਾਨੀ ਨੁਕਸਾਨ ਦਰਜ ਨਹੀਂ ਹੋਇਆ। ਗੁਰਦਾਸਪੁਰ, ਅੰਮ੍ਰਿਤਸਰ ਅਤੇ ਫਿਰੋਜ਼ਪੁਰ ਸੈਕਟਰਾਂ ਵਿੱਚ ਵਾੜ ਦਾ ਵੱਡਾ ਹਿੱਸਾ ਨੁਕਸਾਨੀ ਗਇਆ ਹੈ।
ਕਰਤਾਰਪੁਰ ਲਾਂਘੇ ਨੇੜੇ ਵੀ ਵਾਪਰੀ ਤਬਾਹੀ
ਅੰਮ੍ਰਿਤਸਰ ਦੇ ਸ਼ਹਿਜ਼ਾਦਾ ਪਿੰਡ ਦਾ ਇੱਕ ਪਰਿਵਾਰ ਪਾਣੀ ਨਾਲ ਘਿਰੀ ਕਮਾਲਪੁਰ ਚੌਕੀ ਵਿੱਚ ਪਨਾਹ ਲੈਣ ਲਈ ਮਜਬੂਰ ਹੋਇਆ। ਕਰਤਾਰਪੁਰ ਲਾਂਘੇ ਨੇੜੇ ਮਸ਼ਹੂਰ ਚੌਕੀ ਪੂਰੀ ਤਰ੍ਹਾਂ ਡੁੱਬ ਗਈ ਅਤੇ ਸੈਨਿਕਾਂ ਨੂੰ ਡੇਰਾ ਬਾਬਾ ਨਾਨਕ ਦੇ ਗੁਰਦੁਆਰਾ ਦਰਬਾਰ ਸਾਹਿਬ ਵਿੱਚ ਸ਼ਰਨ ਲੈਣੀ ਪਈ। ਪਾਕਿਸਤਾਨ ਰੇਂਜਰਾਂ ਨੂੰ ਵੀ ਕਈ ਅਗਲੀ ਚੌਕੀਆਂ ਖਾਲੀ ਕਰਨੀ ਪਈਆਂ।
ਬੰਨ੍ਹਾਂ ਵਿੱਚ 50 ਤੋਂ ਵੱਧ ਤਰੇੜਾਂ
ਗੁਰਦਾਸਪੁਰ ਡਰੇਨੇਜ ਵਿਭਾਗ ਮੁਤਾਬਕ, ਜ਼ਿਲ੍ਹੇ ਵਿੱਚ 28 ਬੰਨ੍ਹ ਟੁੱਟ ਚੁੱਕੇ ਹਨ। ਅੰਮ੍ਰਿਤਸਰ ਵਿੱਚ 10–12 ਤਰੇੜਾਂ ਦੇਖੀਆਂ ਗਈਆਂ ਅਤੇ ਪਠਾਨਕੋਟ ਵਿੱਚ 2 ਕਿਲੋਮੀਟਰ ਲੰਬਾ ਬੰਨ੍ਹ ਵਹਿ ਗਿਆ। ਕਈ ਥਾਵਾਂ ‘ਤੇ ਇਹ ਤਰੇੜਾਂ 500 ਤੋਂ 1000 ਫੁੱਟ ਚੌੜੀਆਂ ਹੋ ਚੁੱਕੀਆਂ ਹਨ। ਵਿਭਾਗ ਦੇ ਇੰਜੀਨੀਅਰ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਮਕੋੜਾ ਪੱਤਣ ਅਤੇ ਡੇਰਾ ਬਾਬਾ ਨਾਨਕ ਵਿੱਚ ਮੁਰੰਮਤ ਸ਼ੁਰੂ ਹੋ ਚੁੱਕੀ ਹੈ, ਪਰ ਪੂਰੀ ਤਰ੍ਹਾਂ ਸੁਧਾਰ ਲਈ 4–6 ਹਫ਼ਤੇ ਲੱਗਣਗੇ।
ਵੱਡੇ ਪੱਧਰ ‘ਤੇ ਰਾਹਤ ਕਾਰਜ
BSF ਨੇ ਰਾਹਤ ਕਾਰਜਾਂ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ। ਫਿਰੋਜ਼ਪੁਰ ਵਿੱਚ 1,500 ਲੋਕਾਂ ਨੂੰ ਸੁਰੱਖਿਅਤ ਕੱਢਿਆ ਗਿਆ, ਜਦੋਂ ਕਿ ਅਬੋਹਰ ਵਿੱਚ 1,000 ਤੋਂ ਵੱਧ ਪਿੰਡ ਵਾਸੀਆਂ ਅਤੇ ਉਨ੍ਹਾਂ ਦੇ ਪਸ਼ੂਆਂ ਨੂੰ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ। ਪ੍ਰਭਾਵਿਤ ਖੇਤਰਾਂ ਵਿੱਚ ਰੋਜ਼ਾਨਾ ਮੈਡੀਕਲ ਅਤੇ ਵੈਟਰਨਰੀ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਬਿਮਾਰੀਆਂ ਦਾ ਪ੍ਰਕੋਪ ਨਾ ਫੈਲੇ।