ਚੰਡੀਗੜ੍ਹ :- ਪ੍ਰਸਿੱਧ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਦੇ ਮਾਮਲੇ ‘ਚ ਇੱਕ ਵੱਡਾ ਮੋੜ ਆਉਣ ਜਾ ਰਿਹਾ ਹੈ। ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਇਸ ਸੰਬੰਧੀ ਦਾਇਰ ਪਟੀਸ਼ਨ ‘ਤੇ ਸੁਣਵਾਈ ਹੋਵੇਗੀ। ਸੀਨੀਅਰ ਵਕੀਲ ਨਵਕਿਰਨ ਸਿੰਘ ਵੱਲੋਂ ਦਾਇਰ ਕੀਤੀ ਇਸ ਪਟੀਸ਼ਨ ਵਿੱਚ ਗੰਭੀਰ ਇਲਜ਼ਾਮ ਪਿੰਜੌਰ ਦੇ ਇੱਕ ਨਿੱਜੀ ਹਸਪਤਾਲ ਉੱਤੇ ਲਗਾਏ ਗਏ ਹਨ।
ਪਟੀਸ਼ਨ ‘ਚ ਲਾਪਰਵਾਹੀ ਦੇ ਦੋਸ਼
ਪਟੀਸ਼ਨ ਅਨੁਸਾਰ, ਹਾਦਸੇ ਤੋਂ ਤੁਰੰਤ ਬਾਅਦ ਜਦੋਂ ਰਾਜਵੀਰ ਜਵੰਦਾ ਨੂੰ ਪਿੰਜੌਰ ਦੇ ਨਿੱਜੀ ਹਸਪਤਾਲ ਲਿਆਂਦਾ ਗਿਆ ਸੀ, ਤਦ ਉੱਥੇ ਮੌਜੂਦ ਡਾਕਟਰਾਂ ਵੱਲੋਂ ਸਹੀ ਤਰੀਕੇ ਨਾਲ ਫਸਟ ਏਡ ਨਹੀਂ ਦਿੱਤੀ ਗਈ। ਪਟੀਸ਼ਨ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜੇ ਸਮੇਂ ‘ਤੇ ਸਹੀ ਪ੍ਰਾਇਮਰੀ ਟ੍ਰੀਟਮੈਂਟ ਦਿੱਤਾ ਜਾਂਦਾ, ਤਾਂ ਸ਼ਾਇਦ ਜਵੰਦਾ ਦੀ ਜਾਨ ਬਚ ਸਕਦੀ ਸੀ।
ਹਾਦਸੇ ਤੋਂ ਮੌਤ ਤੱਕ ਦੀ ਪੂਰੀ ਕਹਾਣੀ
27 ਸਤੰਬਰ ਨੂੰ ਜਦੋਂ ਰਾਜਵੀਰ ਜਵੰਦਾ ਸ਼ਿਮਲਾ ਵੱਲ ਜਾ ਰਹੇ ਸਨ, ਤਦ ਬੱਦੀ ਨੇੜੇ ਉਨ੍ਹਾਂ ਦੀ ਬਾਈਕ ਦੇ ਸਾਹਮਣੇ ਦੋ ਆਵਾਰਾ ਪਸ਼ੂ ਆ ਗਏ। ਇਸ ਟੱਕਰ ਕਾਰਨ ਗਾਇਕ ਗੰਭੀਰ ਜ਼ਖਮੀ ਹੋ ਗਏ। ਪਹਿਲਾਂ ਉਨ੍ਹਾਂ ਨੂੰ ਪਿੰਜੌਰ ਦੇ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਲਾਪਰਵਾਹੀ ਦੇ ਦੋਸ਼ ਲੱਗ ਰਹੇ ਹਨ। ਬਾਅਦ ਵਿੱਚ ਉਨ੍ਹਾਂ ਨੂੰ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਸ਼ਿਫਟ ਕੀਤਾ ਗਿਆ, ਜਿੱਥੇ ਉਹ ਕਈ ਦਿਨਾਂ ਤੱਕ ਵੈਂਟੀਲੇਟਰ ‘ਤੇ ਰਹੇ। ਆਖ਼ਰਕਾਰ 8 ਅਕਤੂਬਰ ਨੂੰ ਉਨ੍ਹਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।
ਇਨਸਾਫ਼ ਅਤੇ ਕਾਨੂੰਨੀ ਕਾਰਵਾਈ ਦੀ ਮੰਗ
ਪਟੀਸ਼ਨ ਰਾਹੀਂ ਕੇਵਲ ਰਾਜਵੀਰ ਜਵੰਦਾ ਮਾਮਲੇ ਵਿੱਚ ਇਨਸਾਫ਼ ਦੀ ਮੰਗ ਨਹੀਂ ਕੀਤੀ ਗਈ, ਸਗੋਂ ਇਹ ਵੀ ਅਪੀਲ ਕੀਤੀ ਗਈ ਹੈ ਕਿ ਅਜਿਹੇ ਮਾਮਲਿਆਂ ਵਿੱਚ ਜਿੱਥੇ ਹਸਪਤਾਲ ਲਾਪਰਵਾਹੀ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਸਪਸ਼ਟ ਕਾਨੂੰਨ ਬਣਾਏ ਜਾਣ। ਇਸ ਕੇਸ ਦੀ ਅੱਜ ਹੋਣ ਵਾਲੀ ਸੁਣਵਾਈ ‘ਤੇ ਸਾਰੇ ਸੰਗੀਤ ਪ੍ਰੇਮੀ ਅਤੇ ਰਾਜਵੀਰ ਜਵੰਦਾ ਦੇ ਚਾਹੁਣ ਵਾਲੇ ਧਿਆਨ ਕੇਂਦਰਿਤ ਕੀਤੇ ਹੋਏ ਹਨ।

