ਚੰਡੀਗੜ੍ਹ :- ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਸਾਬਕਾ ਗ੍ਰਹਿ ਮੰਤਰੀ ਸ. ਬੂਟਾ ਸਿੰਘ ਬਾਰੇ ਕੀਤੀਆਂ ਟਿੱਪਣੀਆਂ ਸਬੰਧੀ ਚੱਲ ਰਹੇ ਮਾਮਲੇ ‘ਚ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਅੱਗੇ ਸੁਣਵਾਈ ਹੋਈ। ਵੜਿੰਗ ਦੀ ਥਾਂ ਉਨ੍ਹਾਂ ਦੇ ਵਕੀਲ ਐਡਵੋਕੇਟ ਅਰਸ਼ਪ੍ਰੀਤ ਸਿੰਘ ਖਡਿਆਲ ਪੇਸ਼ ਹੋਏ, ਪਰ ਉਹ ਅਦਾਲਤ ਵਿੱਚ ‘ਪਾਵਰ ਆਫ਼ ਅਟਾਰਨੀ’ ਪੇਸ਼ ਕਰਨ ਵਿੱਚ ਅਸਮਰੱਥ ਰਹੇ।
ਚੋਣ ਪ੍ਰਚਾਰ ਕਾਰਨ ਛੋਟ ਦੀ ਮੰਗ
ਵੜਿੰਗ ਵੱਲੋਂ ਆਪਣੇ ਵਕੀਲ ਰਾਹੀਂ ਕਮਿਸ਼ਨ ਅੱਗੇ ਹਾਜ਼ਰੀ ਤੋਂ ਛੋਟ ਮੰਗੀ ਗਈ। ਵਕੀਲ ਨੇ ਕਿਹਾ ਕਿ ਤਰਨ ਤਾਰਨ ਵਿਧਾਨ ਸਭਾ ਉਪ ਚੋਣ ਕਾਰਨ ਉਹ ਇਸ ਵੇਲੇ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ, ਇਸ ਲਈ ਪੇਸ਼ੀ ਦੀ ਤਰੀਕ ਚੋਣਾਂ ਤੋਂ ਬਾਅਦ ਰੱਖੀ ਜਾਵੇ।
ਜ਼ਿਲ੍ਹਾ ਚੋਣ ਅਫ਼ਸਰ ਨੇ ਵੀ ਪੇਸ਼ੀ ਤੋਂ ਛੋਟ ਮੰਗੀ
ਇਸੇ ਮਾਮਲੇ ਸਬੰਧੀ ਤਰਨ ਤਾਰਨ ਦੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਵੀ ਕਮਿਸ਼ਨ ਅੱਗੇ ਹਾਜ਼ਰ ਹੋਣ ਤੋਂ ਛੋਟ ਦੀ ਬੇਨਤੀ ਕੀਤੀ ਗਈ।
ਕਮਿਸ਼ਨ ਚੇਅਰਮੈਨ ਵੱਲੋਂ ਜਾਣਕਾਰੀ ਜਾਰੀ
ਇਸ ਬਾਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਜ਼ਿਲ੍ਹਾ ਚੋਣ ਅਫ਼ਸਰ ਨੇ ਇੱਕ ਪੱਤਰ ਰਾਹੀਂ ਕਮਿਸ਼ਨ ਨੂੰ ਸੂਚਿਤ ਕੀਤਾ ਹੈ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸਪੱਸ਼ਟੀਕਰਨ ਲਈ ਪੱਤਰ ਭੇਜਿਆ ਗਿਆ ਸੀ ਅਤੇ ਉਸਦਾ ਜਵਾਬ ਇਸ ਵੇਲੇ ਪੁਲਿਸ ਜਾਂਚ ਅਧੀਨ ਹੈ।
ਕਮਿਸ਼ਨ ਵੱਲੋਂ ਨਵੀਂ ਮਿਆਦ ਤੈਅ
ਗੜ੍ਹੀ ਨੇ ਦੱਸਿਆ ਕਿ ਤਰਨ ਤਾਰਨ ਵਿਧਾਨ ਸਭਾ ਹਲਕੇ ਵਿੱਚ ਉਪ ਚੋਣਾਂ ਕਾਰਨ ਡਿਪਟੀ ਕਮਿਸ਼ਨਰ ਦੀ ਬੇਨਤੀ ਨੂੰ ਸਵੀਕਾਰ ਕਰਦੇ ਹੋਏ ਕਮਿਸ਼ਨ ਨੇ ਉਨ੍ਹਾਂ ਨੂੰ 17 ਨਵੰਬਰ 2025 ਤੱਕ ਦਾ ਸਮਾਂ ਦੇ ਦਿੱਤਾ ਹੈ।
ਕਪੂਰਥਲਾ ਪੁਲਿਸ ਤੋਂ ਰਿਪੋਰਟ ਮੰਗੀ
ਚੇਅਰਮੈਨ ਗੜ੍ਹੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੂੰ ਅਖਬਾਰਾਂ ਰਾਹੀਂ ਪਤਾ ਲੱਗਾ ਹੈ ਕਿ ਕਪੂਰਥਲਾ ਪੁਲਿਸ ਵੱਲੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧ ਵਿੱਚ ਕਮਿਸ਼ਨ ਨੇ ਐਸਐਸਪੀ ਕਪੂਰਥਲਾ ਤੋਂ ਕਾਰਵਾਈ ਰਿਪੋਰਟ ਦੀ ਕਾਪੀ ਮੰਗੀ ਹੈ, ਜਿਸਨੂੰ 10 ਨਵੰਬਰ 2025 ਤੱਕ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ।

