ਹਿਮਾਚਲ ਪ੍ਰਦੇਸ਼ :- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਨਿਹਰੀ ਇਲਾਕੇ ਵਿੱਚ ਮੰਗਲਵਾਰ ਸਵੇਰੇ ਲੈਂਡਸਲਾਈਡ ਕਾਰਨ ਇੱਕ ਘਰ ਮਲਬੇ ਹੇਠ ਦੱਬ ਗਿਆ। ਇਹ ਹਾਦਸਾ ਸਵੇਰੇ ਤਕਰੀਬਨ ਪੰਜ ਵਜੇ ਵਾਪਰਿਆ, ਜਦੋਂ ਬੋਈ ਪੰਚਾਇਤ ਦੇ ਬ੍ਰਗਟਾ ਪਿੰਡ ’ਚ ਪਹਾੜੀ ਖਿਸਕ ਗਈ। ਖੂਬ ਰਾਮ ਦਾ ਘਰ ਇਸ ਦੀ ਲਪੇਟ ਵਿੱਚ ਆਉਣ ਕਾਰਨ ਪਰਿਵਾਰ ਦੇ ਪੰਜ ਮੈਂਬਰ ਮਲਬੇ ਹੇਠ ਫਸ ਗਏ।
ਇਸ ਦੌਰਾਨ 64 ਸਾਲਾਂ ਟਾਂਗੂ ਦੇਵੀ, 33 ਸਾਲਾਂ ਕਮਲਾ ਦੇਵੀ ਅਤੇ 8 ਸਾਲਾਂ ਭੀਮ ਦੀ ਮੌਤ ਹੋ ਗਈ। ਜਦਕਿ ਖੂਬ ਰਾਮ ਅਤੇ ਦਰਸ਼ਨੂ ਦੇਵੀ ਨੂੰ ਸਥਾਨਕ ਲੋਕਾਂ ਨੇ ਬਚਾ ਲਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਪਿੰਡ ਵਾਸੀ ਤੁਰੰਤ ਰਾਹਤ ਕਾਰਜਾਂ ’ਚ ਜੁਟ ਗਏ, ਜਦਕਿ ਪ੍ਰਸ਼ਾਸਨ ਵੀ ਮੌਕੇ ’ਤੇ ਪਹੁੰਚ ਗਿਆ। ਤਿੰਨਾਂ ਮ੍ਰਿਤਕਾਂ ਦੇ ਸ਼ਵਾਂ ਨੂੰ ਸੁੰਦਰਨਗਰ ਹਸਪਤਾਲ ਭੇਜ ਦਿੱਤਾ ਗਿਆ ਹੈ।
ਧਰਮਪੁਰ ’ਚ ਬਾਰਿਸ਼ ਨੇ ਮਚਾਈ ਕਹਿਰ
ਮੰਡੀ ਦੇ ਧਰਮਪੁਰ ਇਲਾਕੇ ਵਿੱਚ ਬੀਤੀ ਰਾਤ ਹੋਈ ਭਾਰੀ ਬਾਰਿਸ਼ ਨੇ ਤਬਾਹੀ ਦੇ ਨਜ਼ਾਰੇ ਛੱਡੇ ਹਨ। ਬੱਸ ਸਟੈਂਡ ’ਤੇ ਖੜ੍ਹੀਆਂ 10 ਤੋਂ ਵੱਧ ਸਰਕਾਰੀ ਬੱਸਾਂ ਅਤੇ ਹੋਰ ਵਾਹਨ ਪਾਣੀ ਦੇ ਤੇਜ਼ ਰੁਖ਼ ਨਾਲ ਵਹਿ ਗਏ। ਐਸਐਚਓ ਧਰਮਪੁਰ ਵਿਨੋਦ ਦੇ ਮੁਤਾਬਕ, ਯਾਤਰੀ ਡਰਾਈਵਰ ਅਤੇ ਇੱਕ ਮੈਡੀਕਲ ਸਟੋਰ ਆਪਰੇਟਰ ਹਜੇ ਵੀ ਲਾਪਤਾ ਹਨ।
ਇਥੇ ਸੋਨ ਖੱਡ ਵਿੱਚ ਆਏ ਹੜ੍ਹ ਨਾਲ ਕਈ ਘਰਾਂ ਦੀਆਂ ਪਹਿਲੀਆਂ ਮੰਜ਼ਿਲਾਂ ਪਾਣੀ ਹੇਠ ਆ ਗਈਆਂ। ਸਵੇਰੇ ਪਾਣੀ ਦਾ ਪੱਧਰ ਕੁਝ ਘੱਟਿਆ, ਪਰ ਨੁਕਸਾਨ ਕਾਫ਼ੀ ਵੱਡਾ ਹੈ।
ਸ਼ਿਮਲਾ ’ਚ ਲੈਂਡਸਲਾਈਡ, 20 ਵਾਹਨ ਦੱਬੇ
ਸ਼ਿਮਲਾ ਦੇ ਹਿਮਲੈਂਡ, ਬੀਸੀਐਸ ਅਤੇ ਪੰਜਾਲੀ ਇਲਾਕਿਆਂ ਵਿੱਚ ਵੀ ਭਾਰੀ ਮੀਂਹ ਕਾਰਨ ਜ਼ਮੀਨ ਖਿਸਕ ਗਈ। ਇਸ ਕਰਕੇ 20 ਤੋਂ ਵੱਧ ਵਾਹਨ ਮਲਬੇ ਹੇਠ ਦੱਬ ਗਏ। ਸਰਕੂਲਰ ਰੋਡ, ਜੋ ਸ਼ਿਮਲਾ ਦੀ ਜੀਵਨ ਰੇਖਾ ਮੰਨੀ ਜਾਂਦੀ ਹੈ, ਵੀ ਬੰਦ ਹੋ ਚੁੱਕੀ ਹੈ।
ਮੌਸਮ ਵਿਭਾਗ ਵੱਲੋਂ ਯੈਲੋ ਅਲਰਟ
ਮੌਸਮ ਵਿਗਿਆਨ ਕੇਂਦਰ ਸ਼ਿਮਲਾ ਨੇ ਅੱਜ ਬਿਲਾਸਪੁਰ, ਕਾਂਗੜਾ, ਮੰਡੀ, ਸ਼ਿਮਲਾ, ਸੋਲਨ ਅਤੇ ਸਿਰਮੌਰ ਸਮੇਤ ਛੇ ਜ਼ਿਲ੍ਹਿਆਂ ਵਿੱਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਹਾਲਾਂਕਿ ਕੱਲ੍ਹ ਤੋਂ ਅਗਲੇ ਤਿੰਨ ਦਿਨਾਂ ਲਈ ਬਾਰਿਸ਼ ਦੇ ਘੱਟ ਹੋਣ ਦੀ ਸੰਭਾਵਨਾ ਹੈ, ਪਰ ਮਾਨਸੂਨ ਦੇ ਚਲੇ ਜਾਣ ਦੇ ਅਜੇ ਤੱਕ ਕੋਈ ਅਸਾਰ ਨਹੀਂ।
ਰਾਜ ਭਰ ਵਿੱਚ ਨੁਕਸਾਨ
ਸੋਮਵਾਰ ਸ਼ਾਮ ਤੱਕ ਰਾਜ ਵਿੱਚ 490 ਸੜਕਾਂ, 352 ਬਿਜਲੀ ਟਰਾਂਸਫਾਰਮਰ ਅਤੇ 163 ਪੀਣ ਵਾਲੇ ਪਾਣੀ ਦੀਆਂ ਯੋਜਨਾਵਾਂ ਪ੍ਰਭਾਵਿਤ ਹੋਈਆਂ ਹਨ। ਉੱਥੇ ਹੀ ਬਦਲਦੇ ਮੌਸਮ ਕਾਰਨ ਸਵੇਰ ਤੇ ਸ਼ਾਮ ਦੇ ਵੇਲੇ ਠੰਢ ਵੀ ਵਧ ਗਈ ਹੈ।