ਭੁਵਨੇਸ਼ਵਰ :- ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ਵਿੱਚ ਹੋਈ ਨੈਸ਼ਨਲ ਇਨਡੋਰ ਐਥਲੈਟਿਕਸ ਚੈਂਪੀਅਨਸ਼ਿਪ 2026 ਦੌਰਾਨ ਪੰਜਾਬ ਦੇ ਤੇਜ਼ਤਰਾਰ ਦੌੜਾਕ ਗੁਰਿੰਦਰਵੀਰ ਸਿੰਘ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਪੁਰਸ਼ਾਂ ਦੀ 60 ਮੀਟਰ ਦੌੜ ਵਿੱਚ ਨਵਾਂ ਰਾਸ਼ਟਰੀ ਰਿਕਾਰਡ ਬਣਾਇਆ। 26 ਸਾਲਾ ਖਿਡਾਰੀ ਨੇ ਫਾਈਨਲ ਵਿੱਚ 6.60 ਸਕਿੰਟ ਦਾ ਸਮਾਂ ਲੈ ਕੇ ਸੋਨ ਤਗਮਾ ਆਪਣੇ ਨਾਮ ਕੀਤਾ ਅਤੇ ਪਹਿਲਾਂ ਬਣਿਆ 6.67 ਸਕਿੰਟ ਦਾ ਰਿਕਾਰਡ ਪਿੱਛੇ ਛੱਡ ਦਿੱਤਾ।
ਦੂਜੇ ਤੇ ਤੀਜੇ ਸਥਾਨ ‘ਤੇ ਵੀ ਜ਼ਬਰਦਸਤ ਮੁਕਾਬਲਾ
ਇਸ ਦੌੜ ਵਿੱਚ ਹੋਰ ਖਿਡਾਰੀਆਂ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਲਾਲੂ ਪ੍ਰਸਾਦ ਭੋਈ ਨੇ 6.65 ਸਕਿੰਟ ਦੇ ਸਮੇਂ ਨਾਲ ਦੂਜਾ ਸਥਾਨ ਹਾਸਲ ਕੀਤਾ, ਜਦਕਿ ਨੁਜ਼ਰਤ ਨੇ 6.71 ਸਕਿੰਟ ਨਾਲ ਕਾਂਸੀ ਦਾ ਤਗਮਾ ਜਿੱਤਿਆ। ਦੌੜ ਦੌਰਾਨ ਤਿੰਨ ਵਾਰ ਗਲਤ ਸ਼ੁਰੂਆਤਾਂ ਹੋਣ ਕਾਰਨ ਮੁਕਾਬਲੇ ਵਿੱਚ ਤਣਾਅ ਬਣਿਆ ਰਿਹਾ ਅਤੇ ਆਖ਼ਰਕਾਰ ਇੱਕ ਪ੍ਰਮੁੱਖ ਦੌੜਾਕ ਨੂੰ ਅਯੋਗ ਵੀ ਕਰਾਰ ਦਿੱਤਾ ਗਿਆ।
ਗੁਰਿੰਦਰਵੀਰ ਦੀ ਲਗਾਤਾਰ ਚੜ੍ਹਦੀ ਕਲਾ
ਗੁਰਿੰਦਰਵੀਰ ਸਿੰਘ ਪਹਿਲਾਂ ਵੀ 100 ਮੀਟਰ ਦੌੜ ਵਿੱਚ ਰਾਸ਼ਟਰੀ ਪੱਧਰ ‘ਤੇ ਆਪਣਾ ਨਾਮ ਬਣਾ ਚੁੱਕੇ ਹਨ ਅਤੇ ਉਹ ਛੋਟੀ ਦੂਰੀਆਂ ਵਿੱਚ ਭਾਰਤ ਦੇ ਸਭ ਤੋਂ ਤੇਜ਼ ਦੌੜਾਕਾਂ ਵਿੱਚ ਸ਼ਾਮਲ ਹਨ। ਨਵੇਂ ਰਿਕਾਰਡ ਨਾਲ ਉਨ੍ਹਾਂ ਨੇ ਆਪਣੀ ਪਕੜ ਹੋਰ ਮਜ਼ਬੂਤ ਕਰ ਲਈ ਹੈ।
ਮਹਿਲਾਵਾਂ ਵਿੱਚ ਹਰੀਤਾ ਤੇ ਸਲੋਨੀ ਦੀ ਚਮਕ
ਮਹਿਲਾਵਾਂ ਦੀ 60 ਮੀਟਰ ਦੌੜ ਵਿੱਚ ਮਹਾਰਾਸ਼ਟਰ ਦੀ ਹਰੀਤਾ ਭਾਂਦਰਾ ਨੇ 7.32 ਸਕਿੰਟ ਦਾ ਸਮਾਂ ਲੈ ਕੇ ਸੋਨਾ ਜਿੱਤਿਆ। ਇਸਦੇ ਨਾਲ ਹੀ 400 ਮੀਟਰ ਵਿੱਚ ਸਲੋਨੀ ਨਾਗਰ ਕੁਮਾਰੀ ਨੇ 53.73 ਸਕਿੰਟ ਦਾ ਸਮਾਂ ਲੈ ਕੇ ਪੁਰਾਣਾ ਰਿਕਾਰਡ ਤੋੜਦਿਆਂ ਨਵੀਂ ਇਤਿਹਾਸ ਰਚਿਆ।
ਫੀਲਡ ਈਵੈਂਟਸ ਵਿੱਚ ਵੀ ਦਿਖੀ ਤਗੜੀ ਟੱਕਰ
ਪੁਰਸ਼ਾਂ ਦੀ ਉੱਚੀ ਛਾਲ ਵਿੱਚ ਸਵਾਧੀਨ ਕੁਮਾਰ ਮਾਝੀ ਨੇ 2.18 ਮੀਟਰ ਦੀ ਛਾਲ ਨਾਲ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਸਰਵੇਸ਼ ਅਨਿਲ ਕੁਸ਼ਾਰੇ ਦੂਜੇ ਸਥਾਨ ‘ਤੇ ਰਹੇ। ਪੋਲ ਵਾਲਟ ਵਿੱਚ ਰੀਗਨ ਜੀ ਨੇ ਆਪਣੇ ਪਹਿਲੇ ਇਨਡੋਰ ਮੁਕਾਬਲੇ ‘ਚ 5.30 ਮੀਟਰ ਦੀ ਛਾਲ ਮਾਰ ਕੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਅਤੇ ਨਵਾਂ ਮਿਆਰ ਸਥਾਪਿਤ ਕੀਤਾ।

