ਚੰਡੀਗੜ੍ਹ :- ਦੀਵਾਲੀ ਦੀ ਰਾਤ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਪਟਾਕਿਆਂ ਦੇ ਵਧੇਰੇ ਧੂੰਏਂ ਕਾਰਨ ਲੋਕਾਂ ਨੂੰ ਸਾਸ ਲੈਣ ਵਿੱਚ ਤਕਲੀਫ਼ ਆਉਣ ਲੱਗ ਪਈ। ਸੋਮਵਾਰ ਰਾਤ 8 ਵਜੇ ਦੇ ਬਾਅਦ ਸਿਰਫ਼ ਕੁਝ ਘੰਟਿਆਂ ਵਿੱਚ ਹੀ ਹਵਾ ਗੁਣਵੱਤਾ ਸੂਚਕਾਂਕ ਵਿੱਚ ਤੀਵਰ ਵਾਧਾ ਦਰਜ ਕੀਤਾ ਗਿਆ ਅਤੇ ਕਈ ਜ਼ਿਲ੍ਹਿਆਂ ਦਾ AQI “ਗੰਭੀਰ” ਪੱਧਰ ’ਤੇ ਪਹੁੰਚ ਗਿਆ।
ਚਾਰ ਘੰਟਿਆਂ ਵਿੱਚ ਪ੍ਰਦੂਸ਼ਣ ‘ਚ ਰਿਕਾਰਡ ਵਾਧਾ
ਮਾਹਿਰਾਂ ਅਨੁਸਾਰ, ਰਾਤ 8 ਵਜੇ ਤੋਂ 12 ਵਜੇ ਦਰਮਿਆਨ ਪਟਾਕਿਆਂ ਦੀ ਲਗਾਤਾਰ ਤੜਤੜਾਹਟ ਅਤੇ ਧੂੰਏਂ ਦੀ ਗਾੜ੍ਹ ਹੋਣ ਕਾਰਨ ਹਵਾ ਦੀ ਗੁਣਵੱਤਾ ਕੁਝ ਹੀ ਸਮੇਂ ਵਿੱਚ ਬੇਹੱਦ ਖਰਾਬ ਹੋ ਗਈ। ਕਈ ਥਾਵਾਂ ‘ਤੇ ਦਿੱਖ ਵੀ ਪ੍ਰਭਾਵਿਤ ਹੋਈ ਅਤੇ ਲੋਕਾਂ ਨੂੰ ਖੰਘ, ਛਾਤੀ ਭਾਰ ਅਤੇ ਅੱਖਾਂ ਵਿੱਚ ਜਲਣ ਵਰਗੇ ਲੱਛਣ ਮਹਿਸੂਸ ਹੋਏ।
ਬੰਦੀ ਛੋੜ ਦਿਵਸ ‘ਤੇ ਵੀ ਰਹੇਗਾ ਪ੍ਰਦੂਸ਼ਣ ਦਾ ਖਤਰਾ
ਪੰਜਾਬ ਦੇ ਕਈ ਇਲਾਕਿਆਂ ਵਿੱਚ ਅੱਜ ਵੀ ਬੰਦੀ ਛੋੜ ਦਿਵਸ ਦੇ ਮੌਕੇ ‘ਤੇ ਆਤਿਸ਼ਬਾਜ਼ੀ ਹੋਣ ਦੀ ਸੰਭਾਵਨਾ ਹੈ। ਮੌਸਮ ਤੇ ਵਾਤਾਵਰਣ ਵਿਦਾਂ ਨੇ ਚੇਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਜੇ ਰਾਤ ਵੇਲੇ ਫਿਰ ਆਤਿਸ਼ਬਾਜ਼ੀ ਵਧੀ ਤਾਂ ਹਵਾ ਗੁਣਵੱਤਾ ਹੋਰ ਬਦਤਰ ਹੋ ਸਕਦੀ ਹੈ।