ਅੰਮ੍ਰਿਤਸਰ :- ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਮਹਾਨ ਸਿੱਖ ਵਿਦਵਾਨ ਭਾਈ ਕਾਨ੍ਹ ਸਿੰਘ ਨਾਭਾ ਦੀ ਰਚਨਾ ਗੁਰਸ਼ਬਦ ਰਤਨਾਕਰ ਮਹਾਨਕੋਸ਼ ਨਾਲ ਕੀਤੀ ਗਈ ਬੇਅਦਬੀ ਨੂੰ ਅਤਿ ਨਿੰਦਣਯੋਗ ਅਤੇ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਾਰ ਦਿੱਤਾ ਹੈ।
ਸਿੱਖ ਵਿਰਾਸਤ ਨੂੰ ਪਹੁੰਚਾਇਆ ਝਟਕਾ
ਜਥੇਦਾਰ ਗੜਗੱਜ ਨੇ ਕਿਹਾ ਕਿ ਮਹਾਨਕੋਸ਼ ਸਿੱਖ ਸਾਹਿਤ ਦਾ ਅਨਮੋਲ ਖਜ਼ਾਨਾ ਹੈ, ਜਿਸ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਗੁਰਬਾਣੀ ਹਵਾਲੇ ਸਮੇਤ ਇਤਿਹਾਸਕ ਜਾਣਕਾਰੀ ਸ਼ਾਮਲ ਹੈ। ਇਹ ਰਚਨਾ ਸਿੱਖ ਇਤਿਹਾਸ ਅਤੇ ਖੋਜਾਰਥੀਆਂ ਲਈ ਹਮੇਸ਼ਾਂ ਪ੍ਰੇਰਣਾ ਰਹੀ ਹੈ।
ਤਰੁੱਟੀਆਂ ਨਾਲ ਪ੍ਰਕਾਸ਼ਨ ‘ਤੇ ਸਖ਼ਤ ਵਿਰੋਧ
ਉਨ੍ਹਾਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨੇ ਬੀਤੇ ਸਮੇਂ ਮਹਾਨਕੋਸ਼ ਨੂੰ ਤਰੁੱਟੀਆਂ ਸਮੇਤ ਪ੍ਰਕਾਸ਼ਿਤ ਕੀਤਾ ਸੀ, ਜਿਸ ਦਾ ਸਿੱਖ ਵਿਦਵਾਨਾਂ ਅਤੇ ਸੰਸਥਾਵਾਂ ਨੇ ਵਿਰੋਧ ਕੀਤਾ ਅਤੇ ਮਾਮਲਾ ਪੰਜਾਬ-ਹਰਿਆਣਾ ਉੱਚ ਅਦਾਲਤ ਤੱਕ ਪਹੁੰਚਣ ਉਪਰੰਤ ਇਸ ‘ਤੇ ਰੋਕ ਲੱਗੀ ਸੀ। ਹੁਣ ਯੂਨੀਵਰਸਿਟੀ ਵੱਲੋਂ ਆਪਣੀ ਗਲਤੀ ਨੂੰ ਢੱਕਣ ਲਈ ਅਤਿਅੰਤ ਇਤਰਾਜ਼ਯੋਗ ਤਰੀਕਾ ਵਰਤਿਆ ਗਿਆ ਹੈ।
ਪੁਰਾਤਨ ਹੱਥ-ਲਿਖਤਾਂ ਤੇ ਪੁਸਤਕਾਂ ਦੀ ਸਾਂਭ-ਸੰਭਾਲ ‘ਤੇ ਸਵਾਲ
ਜਥੇਦਾਰ ਗੜਗੱਜ ਨੇ ਖੁਲਾਸਾ ਕੀਤਾ ਕਿ ਪੰਜਾਬੀ ਯੂਨੀਵਰਸਿਟੀ ਦੀ ਰੈਫ਼ਰੈਂਸ ਲਾਇਬਰੇਰੀ ਵਿੱਚ ਦੁਰਲੱਭ ਸਿੱਖ ਸਾਹਿਤ ਅਤੇ ਹੱਥ-ਲਿਖਤਾਂ ਦੀ ਸਾਂਭ-ਸੰਭਾਲ ਢੁਕਵੀਂ ਤਰ੍ਹਾਂ ਨਹੀਂ ਹੋ ਰਹੀ। ਕਈ ਮਹੱਤਵਪੂਰਨ ਵਿਰਾਸਤੀ ਦਸਤਾਵੇਜ਼ ਚੋਰੀ ਹੋਣ ਜਾਂ ਰੱਦੀ ਵਿੱਚ ਵੇਚੇ ਜਾਣ ਦੀਆਂ ਖ਼ਬਰਾਂ ਵੀ ਸਾਹਮਣੇ ਆਈਆਂ ਹਨ।
ਜਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ
ਮਹਾਨਕੋਸ਼ ਦੀ ਬੇਅਦਬੀ ਮਾਮਲੇ ‘ਚ ਵਾਈਸ ਚਾਂਸਲਰ, ਰਜਿਸਟਰਾਰ, ਡੀਨ ਅਕਾਦਮਿਕ ਮਾਮਲੇ ਅਤੇ ਪਬਲੀਕੇਸ਼ਨ ਬਿਊਰੋ ਦੇ ਮੁਖੀ ਵਿਰੁੱਧ ਪਰਚਾ ਦਰਜ ਕਰ ਲਿਆ ਗਿਆ ਹੈ। ਜਥੇਦਾਰ ਨੇ ਪੰਜਾਬ ਪੁਲਿਸ ਨੂੰ ਇਸ ਮਾਮਲੇ ਦੀ ਗੰਭੀਰ ਜਾਂਚ ਕਰਕੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਦੇਣ ਲਈ ਕਿਹਾ ਹੈ।
ਮਹਾਨਕੋਸ਼ ਦੀਆਂ ਕਾਪੀਆਂ ਦਾ ਸਸਕਾਰ ਤੇ ਅਖੰਡ ਪਾਠ ਸਾਹਿਬ
ਜਥੇਦਾਰ ਨੇ ਹੁਕਮ ਦਿੱਤਾ ਕਿ ਗਲਤ ਪ੍ਰਕਾਸ਼ਿਤ ਕੀਤੀਆਂ ਕਾਪੀਆਂ ਦਾ ਸਸਕਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਕੀਤਾ ਜਾਵੇ ਅਤੇ ਇਸਦੀ ਪੂਰੀ ਰਿਪੋਰਟ ਅਕਾਲ ਤਖ਼ਤ ਸਾਹਿਬ ਭੇਜੀ ਜਾਵੇ। ਇਸਦੇ ਨਾਲ ਹੀ ਪੰਜਾਬੀ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕਰਕੇ ਗੁਰੂ ਸਾਹਿਬ ਜੀ ਤੋਂ ਖਿਮਾ ਯਾਚਨਾ ਕਰਨ ਲਈ ਕਿਹਾ ਗਿਆ ਹੈ।
ਸਿੱਖ ਜਥੇਬੰਦੀਆਂ ਨੂੰ ਸ਼ਾਂਤਮਈ ਰਹਿਣ ਦੀ ਅਪੀਲ
ਜਥੇਦਾਰ ਗੜਗੱਜ ਨੇ ਸਮੂਹ ਸਿੱਖ ਜਥੇਬੰਦੀਆਂ ਅਤੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਵਿੱਚ ਸ਼ਾਂਤੀ ਬਣਾਈ ਰੱਖਣ।