ਚੰਡੀਗੜ੍ਹ :- ਪੰਜਾਬੀ ਸੰਗੀਤ ਜਗਤ ਦੇ ਮਸ਼ਹੂਰ ਗਾਇਕ ਆਰ ਨੇਤ ਅਤੇ ਗਾਇਕਾ ਗੁਰਲੇਜ਼ ਅਖਤਰ ਲਈ ਮੁਸੀਬਤਾਂ ਵੱਧ ਗਈਆਂ ਹਨ। ਉਨ੍ਹਾਂ ਦੇ ਗੀਤ 315 ਨੂੰ ਲੈ ਕੇ ਦਰਜ ਸ਼ਿਕਾਇਤ ਮਗਰੋਂ, ਜਲੰਧਰ ਪੁਲਿਸ ਨੇ ਦੋਵਾਂ ਨੂੰ 16 ਅਗਸਤ ਦੁਪਹਿਰ 12 ਵਜੇ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿੱਚ ਹਾਜ਼ਰ ਹੋਣ ਲਈ ਨੋਟਿਸ ਜਾਰੀ ਕੀਤਾ ਹੈ।
ਭਾਜਪਾ ਵੱਲੋਂ ਸ਼ਿਕਾਇਤ ਦਰਜ
ਇਹ ਸ਼ਿਕਾਇਤ ਭਾਜਪਾ ਪੰਜਾਬ ਵਪਾਰ ਸੈੱਲ ਦੇ ਡਿਪਟੀ ਕਨਵੀਨਰ ਅਤੇ ਜਲੰਧਰ ਵਾਸੀ ਅਰਵਿੰਦ ਸਿੰਘ ਵੱਲੋਂ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਭੇਜੀ ਗਈ ਸੀ। ਅਰਵਿੰਦ ਸਿੰਘ ਨੇ ਆਪਣੇ ਪੱਤਰ ਵਿੱਚ ਕਿਹਾ ਕਿ ਹਿੰਸਾ, ਗੈਰ-ਕਾਨੂੰਨੀ ਹਥਿਆਰਾਂ ਦੀ ਪ੍ਰਚਾਰ-ਪ੍ਰਸਾਰ ਅਤੇ ਅਪਰਾਧ ਨੂੰ ਉਕਸਾਉਣ ਵਾਲੇ ਅਜਿਹੇ ਗੀਤਾਂ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ।
ਉਨ੍ਹਾਂ ਦਾ ਦੋਸ਼ ਹੈ ਕਿ 315 ਵਰਗੇ ਗਾਣੇ ਨਾ ਕੇਵਲ ਨੌਜਵਾਨ ਪੀੜ੍ਹੀ ਨੂੰ ਗਲਤ ਰਾਹ ਤੇ ਧੱਕ ਸਕਦੇ ਹਨ, ਸਗੋਂ ਰਾਜ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰਕੇ ਕਾਨੂੰਨ-ਵਿਵਸਥਾ ਲਈ ਚੁਣੌਤੀ ਵੀ ਬਣ ਸਕਦੇ ਹਨ। ਜਾਣਕਾਰੀ ਅਨੁਸਾਰ, ਇਹ ਗੀਤ ਹੁਣ ਤੱਕ ਯੂਟਿਊਬ ‘ਤੇ ਲਗਭਗ 40 ਲੱਖ ਵਾਰ ਦੇਖਿਆ ਜਾ ਚੁੱਕਾ ਹੈ।