ਚੰਡੀਗੜ੍ਹ :- ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਅਜੇ ਵੀ ਸੰਕਟਮਈ ਹੈ। ਮੁਹਾਲੀ ਦੇ ਫੋਰਟਿਸ ਹਸਪਤਾਲ ਨੇ ਤਾਜ਼ਾ ਸਿਹਤ ਬੁਲੇਟਿਨ ਜਾਰੀ ਕਰਦਿਆਂ ਦੱਸਿਆ ਕਿ ਜਵੰਦਾ ਲਾਈਫ ਸਪੋਰਟ ‘ਤੇ ਹਨ ਅਤੇ ਉਨ੍ਹਾਂ ਦੀ ਨਿਊਰੋਲੋਜੀਕਲ ਸਥਿਤੀ ਨਾਜ਼ੁਕ ਬਣੀ ਹੋਈ ਹੈ। ਹਸਪਤਾਲ ਅਨੁਸਾਰ, ਦਿਮਾਗ ਦੀ ਗਤੀਵਿਧੀ ਘੱਟ ਹੈ ਅਤੇ ਉੱਨਤ ਇਲਾਜ ਦੇ ਬਾਵਜੂਦ ਕੋਈ ਮਹੱਤਵਪੂਰਨ ਸੁਧਾਰ ਨਹੀਂ ਆਇਆ।
ਐਮਆਰਆਈ ਵਿੱਚ ਸਾਹਮਣੇ ਆਈ ਗੰਭੀਰ ਚੋਟ
ਹਸਪਤਾਲ ਨੇ ਦੱਸਿਆ ਕਿ ਦਿਮਾਗ ਦੇ ਐਮਆਰਆਈ ਸਕੈਨ ‘ਚ ਹਾਈਪੋਕਸਿਕ ਤਬਦੀਲੀਆਂ ਨਜ਼ਰ ਆਈਆਂ, ਜੋ ਪਹਿਲੇ ਸੈਂਟਰ ‘ਤੇ ਸੀਪੀਆਰ ਦੇਣ ਤੋਂ ਬਾਅਦ ਹੋਈਆਂ। ਇਸ ਤੋਂ ਇਲਾਵਾ, ਰੀੜ੍ਹ ਦੀ ਹੱਡੀ ਦੇ ਐਮਆਰਆਈ ਵਿੱਚ ਸਰਵਾਈਕਲ ਅਤੇ ਡੋਰਸਲ ਖੇਤਰਾਂ ਨੂੰ ਵੱਡਾ ਨੁਕਸਾਨ ਸਾਹਮਣੇ ਆਇਆ, ਜਿਸ ਨਾਲ ਚਾਰੇ ਅੰਗਾਂ ਵਿੱਚ ਗੰਭੀਰ ਕਮਜ਼ੋਰੀ ਪੈਦਾ ਹੋ ਗਈ ਹੈ। ਉਨ੍ਹਾਂ ਨੂੰ ਲੰਬੇ ਸਮੇਂ ਲਈ ਵੈਂਟੀਲੇਟਰ ਸਹਾਇਤਾ ਦੀ ਲੋੜ ਹੈ।
ਹਾਦਸੇ ਤੋਂ ਬਾਅਦ ਲਗਾਤਾਰ ਨਿਗਰਾਨੀ
27 ਸਤੰਬਰ: ਦੁਪਹਿਰ 1:45 ਵਜੇ ਜਵੰਦਾ ਨੂੰ ਸੜਕ ਹਾਦਸੇ ਤੋਂ ਬਾਅਦ ਫੋਰਟਿਸ ਹਸਪਤਾਲ ਲਿਆਂਦਾ ਗਿਆ। ਸਿਰ ਅਤੇ ਰੀੜ੍ਹ ਦੀ ਹੱਡੀ ਨੂੰ ਗੰਭੀਰ ਸੱਟਾਂ ਆਈਆਂ। ਹਸਪਤਾਲ ਪਹੁੰਚਣ ‘ਤੇ ਉਨ੍ਹਾਂ ਨੂੰ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ।
28 ਸਤੰਬਰ: ਡਾਕਟਰਾਂ ਨੇ ਦੱਸਿਆ ਕਿ ਜਵੰਦਾ ਵੈਂਟੀਲੇਟਰ ‘ਤੇ ਹਨ ਅਤੇ ਨਿਊਰੋਸਰਜਰੀ ਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਟੀਮ ਨਿਗਰਾਨੀ ਕਰ ਰਹੀ ਹੈ।
29 ਸਤੰਬਰ: ਹਾਲਤ ‘ਚ ਥੋੜ੍ਹਾ ਸੁਧਾਰ ਆਇਆ, ਪਰ ਉਹ ਅਜੇ ਵੀ ਵੈਂਟੀਲੇਟਰ ‘ਤੇ ਹਨ ਅਤੇ ਨਿਗਰਾਨੀ ਜਾਰੀ ਹੈ।
ਕਿੱਦਾਂ ਵਾਪਰਿਆ ਸੀ ਹਾਦਸਾ
ਜ਼ਿਕਰਯੋਗ ਹੈ ਕਿ 27 ਸਤੰਬਰ ਨੂੰ ਰਾਜਵੀਰ ਜਵੰਦਾ ਪਿੰਜੌਰ-ਨਾਲਾਗੜ੍ਹ ਸੜਕ ‘ਤੇ ਸਾਈਕਲ ‘ਤੇ ਬੱਦੀ ਤੋਂ ਸ਼ਿਮਲਾ ਜਾ ਰਹੇ ਸਨ। ਰਿਪੋਰਟਾਂ ਅਨੁਸਾਰ, ਸੜਕ ‘ਤੇ ਦੋ ਬਲਦ ਲੜ ਰਹੇ ਸਨ। ਉਨ੍ਹਾਂ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਜਵੰਦਾ ਦੀ ਸਾਈਕਲ ਸਾਹਮਣੇ ਆ ਰਹੀ ਜੀਪ ਨਾਲ ਟਕਰਾ ਗਈ, ਜਿਸ ਕਾਰਨ ਉਹ ਗੰਭੀਰ ਜ਼ਖਮੀ ਹੋਏ।
ਫੈਨਾਂ ਵੱਲੋਂ ਦੂਆਵਾਂ ਦਾ ਸਿਲਸਿਲਾ ਜਾਰੀ
ਗਾਇਕ ਦੀ ਗੰਭੀਰ ਹਾਲਤ ਦੀ ਖ਼ਬਰ ਤੋਂ ਬਾਅਦ ਫੈਨਾਂ ਅਤੇ ਸੰਗੀਤ ਜਗਤ ਦੇ ਲੋਕਾਂ ਵੱਲੋਂ ਉਨ੍ਹਾਂ ਦੀ ਜ਼ਿੰਦਗੀ ਲਈ ਲਗਾਤਾਰ ਦੂਆਵਾਂ ਕੀਤੀਆਂ ਜਾ ਰਹੀਆਂ ਹਨ।