ਚੰਡੀਗੜ੍ਹ :- ਪੰਜਾਬੀ ਸੰਗੀਤ ਜਗਤ ਨਾਲ ਜੁੜੇ ਗਾਇਕ, ਅਦਾਕਾਰ ਅਤੇ ਪ੍ਰੋਡਿਊਸਰ ਨੀਰਜ ਸਾਹਨੀ ਨੂੰ ਪਾਕਿਸਤਾਨ ਵਿਚ ਛੁਪੇ ਗੈਂਗਸਟਰ ਅਤੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਵੱਲੋਂ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਰਿੰਦਾ ਨੇ ਵੀਡੀਓ ਕਾਲ ਰਾਹੀਂ ਗਾਇਕ ਤੋਂ 1 ਕਰੋੜ 20 ਲੱਖ ਰੁਪਏ ਦੀ ਫਿਰੌਤੀ ਮੰਗੀ ਅਤੇ ਪੈਸੇ ਨਾ ਦੇਣ ਦੀ ਸੂਰਤ ਵਿੱਚ ਪਰਿਵਾਰ ਸਮੇਤ ਖਤਮ ਕਰਨ ਦੀ ਚੇਤਾਵਨੀ ਦਿੱਤੀ। ਇਸ ਮਾਮਲੇ ਦੀ ਸ਼ਿਕਾਇਤ ਨੀਰਜ ਸਾਹਨੀ ਨੇ ਮੋਹਾਲੀ ਪੁਲਿਸ ਕੋਲ ਲਿਖਤੀ ਰੂਪ ਵਿੱਚ ਦਰਜ ਕਰਵਾਈ ਹੈ।
ਰਾਤ ਦੇ ਸਮੇਂ ਆਈ ਸੀ ਧਮਕੀਭਰੀ ਕਾਲ
ਗਾਇਕ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਹ ਮੋਹਾਲੀ ਦੇ ਸੈਕਟਰ 88 ਵਿੱਚ ਰਹਿੰਦਾ ਹੈ ਅਤੇ ਉਸਦੀ ਕੰਪਨੀ ਸੈਕਟਰ 75 ਵਿੱਚ ਸਥਿਤ ਹੈ। 6 ਅਕਤੂਬਰ ਦੀ ਰਾਤ ਲਗਭਗ 3:20 ਵਜੇ ਉਸਦੇ ਫੋਨ ‘ਤੇ ਇੱਕ ਵੀਡੀਓ ਕਾਲ ਆਈ। ਕਾਲ ਕਰਨ ਵਾਲੇ ਵਿਅਕਤੀ ਨੇ ਆਪਣੇ ਆਪ ਨੂੰ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਦੱਸਦਿਆਂ 1 ਕਰੋੜ 20 ਲੱਖ ਰੁਪਏ ਦੀ ਮੰਗ ਕੀਤੀ। ਉਸਨੇ ਕਿਹਾ ਕਿ ਜੇਕਰ ਪੈਸੇ ਦਾ ਇੰਤਜ਼ਾਮ ਨਾ ਕੀਤਾ ਗਿਆ ਤਾਂ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਮਾਰ ਦਿੱਤਾ ਜਾਵੇਗਾ।
ਕਾਲ ਦੌਰਾਨ ਹੋਰ ਵਿਅਕਤੀ ਵੀ ਸੀ ਸ਼ਾਮਲ
ਸਾਹਨੀ ਨੇ ਦੱਸਿਆ ਕਿ ਰਿੰਦਾ ਨੇ ਕਾਲ ਦੌਰਾਨ ਇੱਕ ਹੋਰ ਵਿਅਕਤੀ ਨੂੰ ਵੀ ਸਕ੍ਰੀਨ ‘ਤੇ ਲਿਆ ਸੀ ਅਤੇ ਕਿਹਾ ਸੀ ਕਿ ਇਹ ਪੈਸੇ ਉਸਨੂੰ ਦਿੱਤੇ ਜਾਣਗੇ। ਰਿੰਦਾ ਨੇ ਇਹ ਵੀ ਦੱਸਿਆ ਕਿ ਉਸਦੇ ਪਾਕਿਸਤਾਨੀ ਅੱਤਵਾਦੀਆਂ ਨਾਲ ਸੰਪਰਕ ਹਨ ਅਤੇ ਉਸਨੂੰ ਗਾਇਕ ਦੇ ਘਰ ਬਾਰੇ ਸਾਰੀ ਜਾਣਕਾਰੀ ਹੈ। ਉਸਨੇ ਚੇਤਾਵਨੀ ਦਿੱਤੀ ਕਿ ਉਸਦੇ ਗਰੁੱਪ ਦੇ ਮੈਂਬਰ ਕਿਸੇ ਵੀ ਸਮੇਂ ਹਮਲਾ ਕਰ ਸਕਦੇ ਹਨ।
ਪਹਿਲਾਂ ਵੀ ਆ ਚੁੱਕੇ ਹਨ ਇਸ ਤਰ੍ਹਾਂ ਦੇ ਮਾਮਲੇ
ਇਹ ਮੋਹਾਲੀ ਵਿਚ ਫਿਰੌਤੀ ਮੰਗਣ ਦਾ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਉਦਯੋਗਪਤੀਆਂ ਅਤੇ ਵਪਾਰੀਆਂ ਨੂੰ ਧਮਕੀਆਂ ਮਿਲ ਚੁੱਕੀਆਂ ਹਨ। ਕੁਝ ਸਮਾਂ ਪਹਿਲਾਂ ਇੱਕ ਫਾਰਮਾਸਿਊਟੀਕਲ ਕੰਪਨੀ ਦੇ ਮਾਲਕ, ਇੱਕ ਪ੍ਰਾਪਰਟੀ ਡੀਲਰ ਅਤੇ ਇੱਕ ਆਈਟੀ ਕੰਪਨੀ ਦੇ ਮਾਲਕ ਤੋਂ ਪੈਸੇ ਮੰਗੇ ਗਏ ਸਨ। ਉਸ ਮਾਮਲੇ ਵਿੱਚ ਪੁਲਿਸ ਨੇ ਕਾਰਵਾਈ ਕਰਦਿਆਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਸੀ। 11 ਦਿਨ ਪਹਿਲਾਂ ਵੀ ਸੋਹਾਣਾ ਖੇਤਰ ਵਿੱਚ ਇਸ ਤਰ੍ਹਾਂ ਦੀ ਕਾਲ ਆਈ ਸੀ, ਜਿਸ ‘ਤੇ ਥਾਣੇ ਵਿੱਚ ਮਾਮਲਾ ਦਰਜ ਕੀਤਾ ਗਿਆ ਸੀ।
ਪੁਲਿਸ ਨੇ ਸ਼ੁਰੂ ਕੀਤੀ ਜਾਂਚ, ਸੁਰੱਖਿਆ ਕੀਤੀ ਵਧਾਈ
ਮੋਹਾਲੀ ਪੁਲਿਸ ਨੇ ਗਾਇਕ ਦੀ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਾਲ ਦੇ ਤਕਨੀਕੀ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਸਾਈਬਰ ਟੀਮ ਨੂੰ ਵੀ ਜਾਂਚ ਵਿੱਚ ਸ਼ਾਮਲ ਕੀਤਾ ਗਿਆ ਹੈ। ਪੁਲਿਸ ਵੱਲੋਂ ਨੀਰਜ ਸਾਹਨੀ ਅਤੇ ਉਸਦੇ ਪਰਿਵਾਰ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ ਤਾਂ ਜੋ ਕਿਸੇ ਵੀ ਸੰਭਾਵੀ ਖ਼ਤਰੇ ਤੋਂ ਬਚਿਆ ਜਾ ਸਕੇ।