ਚੰਡੀਗੜ੍ਹ :- ਪੰਜਾਬੀ ਸੰਗੀਤ ਜਗਤ ਤੋਂ ਇੱਕ ਬਹੁਤ ਹੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਬਹੁਤ ਥੋੜ੍ਹੇ ਸਮੇਂ ਵਿੱਚ ਆਪਣੀ ਕਾਬਲੀਅਤ ਅਤੇ ਗਾਇਕੀ ਨਾਲ ਪ੍ਰਸਿੱਧੀ ਦੇ ਸਿਖਰ ‘ਤੇ ਪਹੁੰਚਣ ਵਾਲੇ ਮਸ਼ਹੂਰ ਪੰਜਾਬੀ ਗਾਇਕ ਗੁਰ ਸਿੱਧੂ ਦੇ ਪਿਤਾ ਦਾ ਦੇਹਾਂਤ ਹੋ ਗਿਆ ਹੈ।
ਇਸ ਮੰਦਭਾਗੀ ਖ਼ਬਰ ਦੀ ਪੁਸ਼ਟੀ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕੀਤੀ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀਂ ਇੱਕ ਪੋਸਟ ਸਾਂਝੀ ਕਰਕੇ ਗਹਿਰਾ ਦੁੱਖ ਪ੍ਰਗਟਾਇਆ। ਮਾਸਟਰ ਜਗਸੀਰ ਸਿੰਘ ਨੇ ਲਿਖਿਆ ਕਿ ਬੀਤੀ ਰਾਤ ਪ੍ਰਸਿੱਧ ਪੰਜਾਬੀ ਲੋਕ ਗਾਇਕ ਗੁਰ ਸਿੱਧੂ ਦੇ ਪਿਤਾ ਅਤੇ ਮੇਰੇ ਪਿੰਡ ਚੱਕ ਫਤਿਹ ਸਿੰਘ ਵਾਲਾ ਦੇ ਸਰਪੰਚ, ਸਰਦਾਰ ਸੁਖਬੀਰ ਸਿੰਘ ਸਿੱਧੂ, ਦਿਲ ਦਾ ਦੌਰਾ ਪੈਣ ਕਾਰਨ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਗੁਰੂ ਦੇ ਚਰਨਾਂ ਵਿੱਚ ਲੀਨ ਹੋ ਗਏ ਹਨ।
ਉਨ੍ਹਾਂ ਨੇ ਪ੍ਰਾਰਥਨਾ ਕੀਤੀ ਕਿ ਵਾਹਿਗੁਰੂ ਜੀ ਸਰਦਾਰ ਸੁਖਬੀਰ ਸਿੰਘ ਸਿੱਧੂ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਸਦਾ ਲਈ ਠਿਕਾਣਾ ਬਖਸ਼ਣ ਅਤੇ ਪਰਿਵਾਰ ਨੂੰ ਇਸ ਅਕਾਲੀ ਵਿਛੋੜੇ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ।