ਚੰਡੀਗੜ੍ਹ :- ਪੰਜਾਬ ਸਰਕਾਰ ਨੇ ਰਾਜ ਦੀ ਅਰਥਵਿਵਸਥਾ ਮਜ਼ਬੂਤ ਕਰਨ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਦਰਵਾਜ਼ੇ ਖੋਲ੍ਹਣ ਵੱਲ ਵੱਡਾ ਕਦਮ ਚੁੱਕਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਸਾਫ਼ ਟੀਚਾ ਹੈ ਕਿ ਪੰਜਾਬ ਸਿਰਫ਼ ਖੇਤੀ-ਕਿਸਾਨੀ ਤੱਕ ਸੀਮਤ ਨਾ ਰਹੇ, ਬਲਕਿ ਉਦਯੋਗ ਅਤੇ ਤਕਨੀਕ ਵਿੱਚ ਵੀ ਅੱਗੇ ਵਧੇ।
ਗੁਰੂਗ੍ਰਾਮ ਰੋਡ ਸ਼ੋਅ ਵਿੱਚ ਸੀਧੀ ਗੱਲਬਾਤ
ਗੁਰੂਗ੍ਰਾਮ ਵਿੱਚ ਹੋਏ ਨਿਵੇਸ਼ਕ ਰੋਡ ਸ਼ੋਅ ਦੌਰਾਨ ਸੀ.ਐੱਮ. ਮਾਨ ਨੇ ਦੇਸ਼ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਮੁਲਾਕਾਤ ਕਰਕੇ ਭਰੋਸਾ ਦਿੱਤਾ ਕਿ ਪੰਜਾਬ ਉਦਯੋਗਾਂ ਲਈ ਸੁਰੱਖਿਅਤ, ਸੁਗਮ ਅਤੇ ਮੋਕੇ ਨਾਲ ਭਰਪੂਰ ਰਾਜ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪਾਰਦਰਸ਼ੀ ਸ਼ਾਸਨ ਅਤੇ ਤੇਜ਼ ਮਨਜ਼ੂਰੀ ਪ੍ਰਕਿਰਿਆ ਦੇ ਰਾਹੀਂ ਨਿਵੇਸ਼ਕਾਂ ਨੂੰ ਪੂਰੀ ਸਹੂਲਤ ਦੇਵੇਗੀ।
ਵੱਡੀਆਂ ਕੰਪਨੀਆਂ ਨਾਲ ਭਵਿੱਖ ਦੀਆਂ ਯੋਜਨਾਵਾਂ ‘ਤੇ ਚਰਚਾ
ਰੋਡ ਸ਼ੋਅ ਵਿੱਚ ਹੀਰੋ ਸਾਈਕਲਜ਼, ਰਾਲਸਨ ਇੰਡੀਆ, ਉਨਮਿੰਡਾ, ਅੰਬਰ ਐਂਟਰਪ੍ਰਾਈਜ਼ਿਜ਼, ਜੀਐਮਆਰ ਏਅਰਪੋਰਟਸ ਸਮੇਤ ਕਈ ਵੱਡੀਆਂ ਕੰਪਨੀਆਂ ਦੇ ਅਧਿਕਾਰੀਆਂ ਨੇ ਹਿੱਸਾ ਲਿਆ। ਮੀਟਿੰਗ ਦੌਰਾਨ ਮੋਬਿਲਿਟੀ, ਇਲੈਕਟ੍ਰੋਨਿਕਸ, ਨਵਿਆਉਣਯੋਗ ਊਰਜਾ, ਖਪਤਕਾਰ ਉਤਪਾਦ, ਆਟੋਮੋਬਾਈਲ ਪਾਰਟਸ ਅਤੇ ਬੁਨਿਆਦੀ ਢਾਂਚੇ ਵਿੱਚ ਨਵੇਂ ਮੌਕਿਆਂ ਤੇ ਸਹਿਕਾਰ ‘ਤੇ ਵਿਚਾਰ-ਵਟਾਂਦਰਾ ਹੋਇਆ।
‘ਇਨਵੈਸਟ ਪੰਜਾਬ’ ਰਾਹੀਂ ਤੇਜ਼ ਮਨਜ਼ੂਰੀਆਂ
ਸੀ.ਐੱਮ. ਮਾਨ ਨੇ ਜਾਣਕਾਰੀ ਦਿੱਤੀ ਕਿ ਉਦਯੋਗਪਤੀਆਂ ਨੂੰ ਸਹੂਲਤ ਦੇਣ ਲਈ ‘ਇਨਵੈਸਟ ਪੰਜਾਬ’ ਨਾਮਕ ਵਿਸ਼ੇਸ਼ ਤੰਤਰ ਤਿਆਰ ਕੀਤਾ ਗਿਆ ਹੈ। ਇਸ ਰਾਹੀਂ ਨਿਵੇਸ਼ਕਾਂ ਨੂੰ ਜ਼ਰੂਰੀ ਮਨਜ਼ੂਰੀਆਂ ਤੇਜ਼ੀ ਨਾਲ ਮਿਲਣਗੀਆਂ, ਜਿਸ ਨਾਲ ਉਹ ਬਿਨਾਂ ਰੁਕਾਵਟ ਆਪਣੇ ਪ੍ਰੋਜੈਕਟ ਸ਼ੁਰੂ ਕਰ ਸਕਣਗੇ।
ਪ੍ਰਮੋਦ ਭਸੀਨ ਨੇ ਕੀਤੀ ਸਰਕਾਰ ਦੀ ਤਾਰੀਫ਼
ਪੰਜਾਬ ਇਨੋਵੇਸ਼ਨ ਮਿਸ਼ਨ ਦੇ ਚੇਅਰਮੈਨ ਤੇ ਜੇਨਪੈਕਟ ਦੇ ਸੰਸਥਾਪਕ ਪ੍ਰਮੋਦ ਭਸੀਨ ਨੇ ਪੰਜਾਬ ਸਰਕਾਰ ਦੇ ਇਸ ਕਦਮ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਰਾਜ ਵਿੱਚ ਨਿਵੇਸ਼ ਲਈ ਬਹੁਤ ਹੀ ਅਨੁਕੂਲ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ।