ਚੰਡੀਗੜ੍ਹ :- ਹੜ੍ਹਾਂ ‘ਤੇ ਬੁਲਾਏ ਵਿਸ਼ੇਸ਼ ਸੈਸ਼ਨ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਅਤੇ ਭਾਜਪਾ ‘ਤੇ ਤਿੱਖੇ ਤੰਜ ਕੱਸੇ। ਉਨ੍ਹਾਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ‘ਤੇ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ ਬਾਜਵਾ ਸਾਹਿਬ ਕਹਿੰਦੇ ਹਨ ‘ਰੰਗਲਾ ਪੰਜਾਬ’ ‘ਚ ਪੈਸਾ ਨਾ ਲਗਾਇਆ ਜਾਵੇ, ਜਦੋਂ ਕਿ ਇਹ ਮਿਸ਼ਨ ਵਿੱਤ ਮੰਤਰਾਲੇ ਤਹਿਤ ਚੱਲ ਰਿਹਾ ਹੈ। ਮਾਨ ਨੇ ਸਪੱਸ਼ਟ ਕੀਤਾ ਕਿ ‘ਰੰਗਲਾ ਪੰਜਾਬ’ ਦਾ ਪੂਰਾ ਫੰਡ ਹੜ੍ਹ ਪੀੜਤ ਪਰਿਵਾਰਾਂ ਦੀ ਰਾਹਤ ਲਈ ਵਰਤਿਆ ਜਾਵੇਗਾ।
“ਪੰਜਾਬ ਨੇ ਸੋਨਾ ਦਾਨ ਕੀਤਾ, ਅੱਜ ਸਾਨੂੰ ਕੰਗਲਾ ਕਿਹਾ ਜਾ ਰਿਹਾ ਹੈ”
ਮੁੱਖ ਮੰਤਰੀ ਨੇ ਇਤਿਹਾਸਕ ਹਵਾਲਾ ਦਿੰਦਿਆਂ ਕਿਹਾ ਕਿ ਪੰਜਾਬ ਨੇ ਜਵਾਹਰ ਲਾਲ ਨਹਿਰੂ ਦੇ 73ਵੇਂ ਜਨਮਦਿਨ ‘ਤੇ 130 ਕਿਲੋਗ੍ਰਾਮ ਸੋਨਾ ਦੇਸ਼ ਦੀ ਰੱਖਿਆ ਲਈ ਦਾਨ ਕੀਤਾ ਸੀ। ਉਨ੍ਹਾਂ ਕਿਹਾ ਕਿ ਉਹੀ ਪੰਜਾਬ ਅੱਜ ਵਿਰੋਧੀਆਂ ਵੱਲੋਂ ‘ਕੰਗਲਾ ਪੰਜਾਬ’ ਕਹਾ ਰਿਹਾ ਹੈ। ਮਾਨ ਨੇ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਵਿਰੋਧੀ ਉਨ੍ਹਾਂ ‘ਤੇ ਸਿਰਫ਼ ਤੰਜ ਹੀ ਕੱਸਦੇ ਰਹੇ ਹਨ।
ਭਾਜਪਾ ਦੀ ਵੱਖਰੀ ਵਿਧਾਨ ਸਭਾ ‘ਤੇ ਚੋਟ
ਭਗਵੰਤ ਮਾਨ ਨੇ ਭਾਜਪਾ ਵੱਲੋਂ ਵੱਖਰੀ ਵਿਧਾਨ ਸਭਾ ਲਗਾਉਣ ‘ਤੇ ਵੀ ਚੋਟ ਕੀਤੀ। ਉਨ੍ਹਾਂ ਕਿਹਾ ਕਿ “ਉਹ ਵਿਧਾਨ ਸਭਾ ਅਸਲ ਵਿਚ ਨਕਲੀ ਵਿਧਾਨ ਸਭਾ ਹੈ, ਕਿਉਂਕਿ ਸਾਡੇ ਸਦਨ ਵਿਚ ਆ ਕੇ ਉਨ੍ਹਾਂ ਨੂੰ ਹਿਸਾਬ ਦੇਣ ਤੋਂ ਡਰ ਲੱਗਦਾ ਹੈ। ਜਿਹੜੇ ਧੋਖੇ ਉਨ੍ਹਾਂ ਨੇ ਪੰਜਾਬ ਨਾਲ ਕੀਤੇ, ਉਹਨਾਂ ਦਾ ਜਵਾਬ ਦੇਣ ਦੀ ਹਿੰਮਤ ਨਹੀਂ। ਇਸ ਲਈ ਉਨ੍ਹਾਂ ਨੂੰ ਬਾਹਰਲੇ ਪਾਸੇ ਸਦਨ ਬਿਠਾਉਣਾ ਪੈ ਰਿਹਾ ਹੈ।”
ਮਾਨ ਨੇ ਤਨਜ਼ ਕਰਦਿਆਂ ਕਿਹਾ ਕਿ 2029 ਵਿਚ ਭਾਜਪਾ ਨੂੰ ਸ਼ਾਇਦ ਨਕਲੀ ਪਾਰਲੀਮੈਂਟ ਲਾਉਣੀ ਪਵੇ।
“ਸਾਡਾ ਸੁਫ਼ਨਾ ਖ਼ੁਸ਼ਹਾਲ ਪੰਜਾਬ”
ਮਾਨ ਨੇ ਸਪੱਸ਼ਟ ਕੀਤਾ ਕਿ ਸਰਕਾਰ ਦੀ ਹਰ ਕੋਸ਼ਿਸ਼ ਪੰਜਾਬ ਦੀ ਖ਼ੁਸ਼ਹਾਲੀ ਵੱਲ ਹੈ। ਉਨ੍ਹਾਂ ਕਿਹਾ ਕਿ “ਸਾਡੀ ਹਰ ਧੜਕਣ ‘ਚ ਸਿਰਫ਼ ਪੰਜਾਬ ਧੜਕਦਾ ਹੈ। ਹੜ੍ਹ ਪੀੜਤਾਂ ਤੱਕ ਰਾਹਤ ਪਹੁੰਚਾਉਣ ਲਈ ਅਸੀਂ ਕੋਈ ਕਸਰ ਨਹੀਂ ਛੱਡਾਂਗੇ।”